ਗਰਮੀ ਤੋਂ ਬਚਣ ਲਈ ਮਾਹਿਰ ਡਾਕਟਰਾਂ ਦਿੱਤੇ ਸੁਝਾਅ
ਗਰਮੀ ਨੇ ਦਿਖਾਏ ਤਿੱਖੇ ਤੇਵਰ, ਲੋਕਾਂ ਦਾ ਨਿਕਲਿਆ ਵੱਟ; ਮਾਹਿਰ ਡਾਕਟਰਾਂ ਵੱਲੋਂ ਅਹਿਮ ਸੁਝਾਅ ਜਾਰੀ
Publish Date: Mon, 20 Apr 2026 08:53 PM (IST)
Updated Date: Mon, 20 Apr 2026 08:57 PM (IST)

36–38 ਡਿਗਰੀ ਤਾਪਮਾਨ ਨਾਲ ਪੰਜਾਬ ਤਪਿਆ, ਠੰਢੇ ਪਦਾਰਥਾਂ ਦੀ ਮੰਗ ਵਧੀ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪੰਜਾਬ ਵਿਚ ਗਰਮੀ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਇਸ ਦਾ ਅਸਰ ਹੁਣ ਸਾਫ਼ ਤੌਰ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਇਲਾਕੇ ਦਾ ਤਾਪਮਾਨ ਲਗਭਗ 36-38 ਡਿਗਰੀ ਸੈਲਸੀਅਸ ਦੇ ਆਸਪਾਸ ਦਰਜ ਕੀਤਾ ਗਿਆ ਹੈ, ਜਿਸ ਕਾਰਨ ਦੁਪਹਿਰ ਦੇ ਸਮੇਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿਚ ਬਹੁਤ ਮੁਸ਼ਕਲ ਆ ਰਹੀ ਹੈ। ਤਪਦੀ ਧੁੱਪ ਤੇ ਗਰਮ ਹਵਾਵਾਂ ਨੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ‘ਤੇ ਬਹੁਤ ਅਸਰ ਪਾਇਆ ਹੈ। ਬਜ਼ਾਰਾਂ ਵਿਚ ਵੀ ਦੁਪਹਿਰ ਵੇਲੇ ਰੌਣਕ ਘੱਟ ਵੇਖੀ ਜਾਂਦੀ ਹੈ, ਜਦਕਿ ਠੰਢੇ ਪਾਣੀ, ਲੱਸੀ ਤੇ ਸ਼ਰਬਤ ਦੀਆਂ ਦੁਕਾਨਾਂ ‘ਤੇ ਭੀੜ ਵੱਧ ਗਈ ਹੈ। ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਦਿਨ ਦੇ ਤਿੱਖੇ ਸਮੇਂ ‘ਚ ਘਰਾਂ ‘ਚ ਰਹਿਣ, ਜ਼ਿਆਦਾ ਪਾਣੀ ਪੀਣ ਤੇ ਧੁੱਪ ਤੋਂ ਬਚਾਅ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵੀ ਵਧ ਸਕਦਾ ਹੈ, ਜਿਸ ਨਾਲ ਗਰਮੀ ਦਾ ਪ੍ਰਭਾਵ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਗਰਮੀ ਤੋਂ ਬਚਾਅ ਲਈ ਵੱਖ-ਵੱਖ ਮਾਹਿਰ ਡਾਕਟਰਾਂ ਨੇ ਅਹਿਮ ਸੁਝਾਅ ਦਿੱਤੇ ਹਨ। 1. ਡਾ. ਕੁਲਦੀਪ ਕਲੇਰ (ਦਿਲ, ਸ਼ੂਗਰ ਤੇ ਸਕੈਨਿੰਗ ਦੇ ਮਾਹਿਰ, ਐਕਸ ਪੀਜੀਆਈ ਚੰਡੀਗੜ੍ਹ): ਦਿਲ ਤੇ ਸ਼ੂਗਰ ਦੇ ਮਰੀਜ਼ਾਂ ਲਈ ਗਰਮੀ ਖ਼ਾਸ ਤੌਰ ‘ਤੇ ਖਤਰਨਾਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਵੱਧ ਤੋਂ ਵੱਧ ਪਾਣੀ ਪੀਣ, ਸਮੇਂ-ਸਮੇਂ ‘ਤੇ ਆਪਣੀ ਸ਼ੂਗਰ ਲੈਵਲ ਦੀ ਜਾਂਚ ਕਰਦੇ ਰਹਿਣ ਤੇ ਧੁੱਪ ਵਿਚ ਬਿਨਾਂ ਲੋੜ ਨਾ ਜਾਣ। ਉਨ੍ਹਾਂ ਸਲਾਹ ਦਿੱਤੀ ਕਿ ਹਲਕਾ ਤੇ ਸਿਹਤਮੰਦ ਖਾਣਾ ਹੀ ਖਾਧਾ ਜਾਵੇ। 2. ਡਾ. ਗੁਰਿੰਦਰ ਸਿੰਘ ਜੋਸਨ (ਅਪ੍ਰੇਸ਼ਨਾਂ ਦੇ ਮਾਹਿਰ): ਡਾ. ਜੋਸਨ ਨੇ ਕਿਹਾ ਕਿ ਗਰਮੀ ਵਿਚ ਇਨਫੈਕਸ਼ਨ ਤੇ ਜ਼ਖ਼ਮ ਜਲਦੀ ਖਰਾਬ ਹੋ ਸਕਦੇ ਹਨ। ਇਸ ਲਈ ਜਿਨ੍ਹਾਂ ਮਰੀਜ਼ਾਂ ਦਾ ਹਾਲ ਹੀ ਵਿਚ ਅਪ੍ਰੇਸ਼ਨ ਹੋਇਆ ਹੈ, ਉਹ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਣ ਤੇ ਡਾਕਟਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਵਿਚ ਪਾਣੀ ਦੀ ਘਾਟ ਹੋ ਸਕਦੀ ਹੈ, ਜਿਸ ਤੋਂ ਬਚਣਾ ਜ਼ਰੂਰੀ ਹੈ। 3. ਡਾ. ਦੀਪਕ ਮੋਦੀ (ਛਾਤੀ, ਦਮਾ ਤੇ ਐਲਰਜੀ ਮਾਹਿਰ): ਉਨ੍ਹਾਂ ਦੱਸਿਆ ਕਿ ਗਰਮੀ ਵਿਚ ਧੂੜ ਤੇ ਪ੍ਰਦੂਸ਼ਣ ਕਾਰਨ ਦਮਾ ਤੇ ਐਲਰਜੀ ਦੇ ਮਰੀਜ਼ਾਂ ਦੀ ਸਮੱਸਿਆ ਵੱਧ ਸਕਦੀ ਹੈ। ਇਸ ਲਈ ਮਰੀਜ਼ ਬਾਹਰ ਜਾਣ ਸਮੇਂ ਮਾਸਕ ਦਾ ਇਸਤੇਮਾਲ ਕਰਨ ਤੇ ਆਪਣੀ ਦਵਾਈ ਸਮੇਂ ‘ਤੇ ਲੈਣ। ਉਨ੍ਹਾਂ ਕਿਹਾ ਕਿ ਜੇਕਰ ਸਾਹ ਲੈਣ ਵਿਚ ਦਿੱਕਤ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। 4. ਡਾ. ਹਰਜੀਤ ਸਿੰਘ (ਬੱਚਿਆਂ ਦੇ ਮਾਹਿਰ, ਸੁਲਤਾਨਪੁਰ ਲੋਧੀ): ਡਾ. ਹਰਜੀਤ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਦੁਪਹਿਰ ਦੀ ਤਿੱਖੀ ਧੁੱਪ ਤੋਂ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਪਿਲਾਏ ਜਾਣ ਤੇ ਹਲਕੇ ਕੱਪੜੇ ਪਹਿਨਾਏ ਜਾਣ। ਜੇਕਰ ਬੱਚਿਆਂ ਨੂੰ ਬੁਖਾਰ ਜਾਂ ਥਕਾਵਟ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।