ਸਿਹਤ ਵਿਭਾਗ ਵੱਲੋਂ ਗਰਮੀਆਂ ਤੋਂ ਬਚਾਅ ਸਬੰਧੀ ਐਡਵਾਇਜ਼ਰੀ ਜਾਰੀ
ਸਿਹਤ ਵਿਭਾਗ ਵਲੋਂ ਗਰਮੀਆਂ ਤੋਂ ਬਚਾਅ ਸਬੰਧੀ ਅਡਵਾਇਜਰੀ ਜਾਰੀ
Publish Date: Fri, 22 May 2026 08:55 PM (IST)
Updated Date: Fri, 22 May 2026 08:58 PM (IST)

ਗਰਮੀ ਤੋਂ ਬਚਾਅ ਸਬੰਧੀ ਜਾਗਰੂਕ ਤੇ ਹਸਪਤਾਲਾਂ ’ਚ ਲੋੜੀਂਦੇ ਪ੍ਰਬੰਧ ਕੀਤੇ ਜਾਣ : ਡਾ. ਭਗਤ ਅਵਿਨਾਸ਼ ਸ਼ਰਮਾ ਪੰਜਾਬੀ ਜਾਗਰਣ ਕਪੂਰਥਲਾ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੂ ਤੋਂ ਬਚਾਅ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਐਡਵਾਇਜ਼ਰੀ ਦੀਆਂ ਹਦਾਇਤਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣ ਲਈ ਸਿਵਲ ਸਰਜਨ ਡਾ. ਸੰਜੀਵ ਭਗਤ ਵੱਲੋਂ ਸਾਰੇ ਪ੍ਰੋਗਰਾਮ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਸਾਰੇ ਪ੍ਰੋਗਰਾਮ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਹੀ ਸਰਕਾਰੀ ਹਸਪਤਾਲਾਂ ਵਿਚ ਪੀਣ ਦੇ ਪਾਣੀ ਦਾ ਪ੍ਰਬੰਧ ਰੱਖਿਆ ਜਾਵੇ, ਹਸਪਤਾਲ ਵਿਚ ਪੱਖੇ, ਕੂਲਰ ਆਦਿ ਚਾਲੂ ਹਾਲਤ ਵਿਚ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਗਰਮੀਆਂ ਦੇ ਬਚਾਅ ਸਬੰਧੀ ਜਾਗਰੂਕ ਕੀਤਾ ਜਾਵੇ ਤੇ ਨਾਲ ਹੀ ਹਸਪਤਾਲਾਂ ਵਿਚ ਓਆਰਐੱਸ ਤੇ ਹੋਰ ਲੋੜੀਂਦੀਆਂ ਦਵਾਈਆਂ ਆਦਿ ਦੀ ਸੁਵਿਧਾ ਉਪਲੱਬਧ ਹੋਣੀ ਚਾਹੀਦੀ ਹੈ ਤਾਂ ਕਿ ਲੋੜ ਪੈਣ ਤੇ ਮਰੀਜ਼ਾਂ ਨੂੰ ਦਿੱਤੇ ਜਾ ਸਕਣ। ਉਨ੍ਹਾਂ ਕਿਹਾ ਕਿ ਆਮ ਮਨੁੱਖੀ ਸਰੀਰ ਦਾ ਤਾਪਮਾਨ 36.4 ਤੋਂ 37.2 ਡਿਗਰੀ ਸੈਂਟੀਗ੍ਰੇਡ ਵਿਚਕਾਰ ਹੁੰਦਾ ਹੈ। ਉੱਚ ਬਾਹਰੀ ਤੇ ਅੰਦਰਲੇ ਤਾਪਮਾਨ ਦੇ ਸੰਪਰਕ ਵਿਚ ਆਉਣ ਨਾਲ ਅਸੀਂ ਬਿਮਾਰ ਹੋ ਸਕਦੇ ਹਾਂ। ਉਨ੍ਹਾਂ ਸਾਰੇ ਪ੍ਰੋਗਰਾਮ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਓਪੀਡੀ ਚ ਆਉਣ ਵਾਲੇ ਮਰੀਜ਼ਾਂ ਨੂੰ ਦੱਸਿਆ ਜਾਵੇ ਕਿ ਉਹ ਕੋਸ਼ਿਸ਼ ਕਰਨ ਕਿ ਦੁਪਹਿਰ 12 ਤੋਂ 3 ਦੇ ਦਰਮਿਆਨ ਘਰੋਂ ਬਾਹਰ ਨਾ ਨਿਕਲਣ। ਜੇਕਰ ਕਿਸੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਜਾਣਾ ਵੀ ਪੈਦਾ ਹੈ ਤਾਂ ਸਿਰ ਢੱਕ ਕੇ ਤੇ ਪਾਣੀ ਪੀ ਕੇ ਜਾਇਆ ਜਾਵੇ ਤੇ ਨਾਲ ਪਾਣੀ ਦੀ ਬੋਤਲ ਵੀ ਰੱਖੀ ਜਾਵੇ। ਹਰ 20 ਮਿੰਟ ਬਾਅਦ ਪਾਣੀ ਪੀਂਦੇ ਰਹੋ। ਪਾਣੀ, ਨਿੰਬੂ ਪਾਣੀ, ਲੱਸੀ ਤੇ ਹੋਰ ਤਰਲ ਪਦਾਰਥਾਂ ਦੀ ਵਰਤੋਂ ਕਰਦੇ ਰਹੋ। ਮੌਸਮੀ ਫਲਾਂ ਤੇ ਸਬਜ਼ੀਆਂ ਨੂੰ ਆਪਣੀ ਡਾਇਟ ਵਿਚ ਸ਼ਾਮਲ ਕਰੋ। ਉਨ੍ਹਾਂ ਵਿਸ਼ੇਸ਼ ਤੌਰ ਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ ਤੇ ਬੱਚਿਆਂ ਦਾ ਗਰਮੀਆਂ ਦੇ ਦਿਨਾਂ ਵਿਚ ਲੂ ਲੱਗਣ ਦੇ ਜ਼ਿਆਦਾ ਚਾਂਸ ਹੁੰਦੇ ਹਨ, ਇਸ ਲਈ ਇਨ੍ਹਾਂ ਦਾ ਖਾਸ ਧਿਆਨ ਰੱਖਿਆ ਜਾਵੇ। ਲੂ ਲੱਗਣ ਦੇ ਲੱਛਣਾਂ ਬਾਰੇ ਦੱਸਦਿਆਂ ਡਾ. ਸੰਜੀਵ ਭਗਤ ਨੇ ਕਿਹਾ ਕਿ ਲੂ ਲੱਗਣ ਤੇ ਅੱਖਾਂ ਅੱਗੇ ਹਨੇਰਾ ਆਉਂਦਾ, ਪੱਠਿਆਂ ਚ ਤੇਜ਼ ਦਰਦ ਹੁੰਦਾ, ਬੈਚੇਨੀ ਤੇ ਘਬਰਾਹਟ ਦਾ ਹੋਣਾ, ਸਾਹ ਫੁੱਲਣਾ ਜਾਂ ਦਿਲ ਦੀ ਧੜਕਣ ਤੇਜ਼ ਹੋਣਾ, ਮਾਸਪੇਸ਼ੀਆਂ ਵਿਚ ਜਕੜਨ ਤੇ ਕਮਜ਼ੋਰੀ ਮਹਿਸੂਸ ਤੇ ਸਰੀਰ ਵਿਚ ਪਾਣੀ ਦੀ ਕਮੀ ਹੋਣਾ ਆਦਿ ਇਸ ਦੇ ਮੁੱਖ ਲੱਛਣ ਹਨ। ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਆਉਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।