ਮਜ਼ਦੂਰ ਦਿਵਸ 'ਤੇ ਝੰਡਾ ਲਹਿਰਾਇਆ
ਮਜ਼ਦੂਰ ਦਿਵਸ 'ਤੇ ਆਯੋਜਿਤ ਪ੍ਰੋਗਰਾਮ, ਹਿਊਮਨ ਰਾਈਟਸ ਕੌਂਸਲ ਦੀ ਰਾਸ਼ਟਰੀ ਉਪ ਪ੍ਰਧਾਨ ਅਨੁ ਸ਼ਰਮਾ ਨੇ ਝੰਡਾ ਲਹਿਰਾਇਆ।
Publish Date: Sat, 02 May 2026 07:51 PM (IST)
Updated Date: Sat, 02 May 2026 07:53 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮਜ਼ਦੂਰਾਂ ਦੇ ਮਸੀਹਾ ਅਤੇ ਫਗਵਾੜਾ ਦੇ ਪ੍ਰਸਿੱਧ ਸੀਨੀਅਰ ਵਕੀਲ ਕੇਸੀ ਆਜ਼ਾਦ ਦੇ ਦਰਸਾਏ ਮਾਰਗ ਤੇ ਚੱਲਦਿਆਂ, ਉਨ੍ਹਾਂ ਦੀ ਧੀ ਹਿਊਮਨ ਰਾਈਟਸ ਕੌਂਸਲ ਦੀ ਰਾਸ਼ਟਰੀ ਉਪ ਪ੍ਰਧਾਨ ਐਡਵੋਕੇਟ ਅਨੁ ਸ਼ਰਮਾ ਨੇ ਸਥਾਨਕ ਰੇਲਵੇ ਸਟੇਸ਼ਨ ਨੇੜੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿਚ ਐੱਸਪੀ ਮਾਧਵੀ ਸ਼ਰਮਾ ਤੇ ਐਡਵੋਕੇਟ ਕੁਮੁਦ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਨਾਲ ਹੋਈ। ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਅਨੁ ਸ਼ਰਮਾ ਨੇ ਦੱਸਿਆ ਕਿ 1886 ਵਿਚ ਅਮਰੀਕਾ ਦੇ ਸ਼ਿਕਾਗੋ ਵਿਚ ਅੱਠ ਘੰਟੇ ਕੰਮ ਦੀ ਮੰਗ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਬਹੁਤ ਸਾਰੇ ਮਜ਼ਦੂਰ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ, 1 ਮਈ, 1889 ਨੂੰ ਪਹਿਲਾ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ। ਉਦੋਂ ਤੋਂ 1 ਮਈ ਨੂੰ ਦੁਨੀਆ ਭਰ ਵਿਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਕਿ ਮਜ਼ਦੂਰ ਵਰਗ ਦੇ ਸਤਿਕਾਰ ਦਾ ਪ੍ਰਤੀਕ ਹੈ। ਇਹ ਦਿਨ ਮਜ਼ਦੂਰਾਂ ਦੇ ਸਮਰਪਣ, ਅਧਿਕਾਰਾਂ ਤੇ ਸੰਘਰਸ਼ ਨੂੰ ਸਮਰਪਿਤ ਹੈ। ਅਨੁ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਐਡਵੋਕੇਟ ਕੇਸੀ ਆਜ਼ਾਦ ਲਗਾਤਾਰ 40 ਸਾਲ ਫਗਵਾੜਾ ਰੇਹੜੀ ਯੂਨੀਅਨ ਤੇ ਰਿਕਸ਼ਾ ਯੂਨੀਅਨ ਦੇ ਮੁਖੀ ਰਹੇ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਮਜ਼ਦੂਰ ਦਿਵਸ ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਸਨ ਤੇ ਉਦੋਂ ਤੋਂ ਲਗਾਤਾਰ ਲੰਗਰ ਵੀ ਲਗਾਇਆ ਜਾ ਰਿਹਾ ਹੈ। ਐੱਸਪੀ ਮਾਧਵੀ ਸ਼ਰਮਾ ਨੇ ਕਿਹਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਮਾਜ ਦੀ ਅਸਲ ਤਾਕਤ ਇਸਦੇ ਮਜ਼ਦੂਰਾਂ ਵਿਚ ਹੈ। ਸਮਾਜ ਮਜ਼ਦੂਰਾਂ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ। ਘਰੇਲੂ ਨੌਕਰਾਂ ਤੋਂ ਲੈ ਕੇ ਵੱਡੀਆਂ ਇਮਾਰਤਾਂ ਦੀ ਉਸਾਰੀ ਤੱਕ ਹਰ ਚੀਜ਼ ਵਿਚ ਮਜ਼ਦੂਰ ਮੁੱਖ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਅਰਵਿੰਦ ਵਰਮਾ, ਮੀਨੂੰ ਗਰਗ, ਸੀਮਾ ਕਾਲੜਾ, ਰੀਤਾ ਫਲੋਰਾ, ਮਨਜੀਤ ਕੌਰ, ਕੁਸੁਮ ਮਦਾਨ, ਹਰਜੀਤ ਪਰਮਾਰ, ਦਿਲੀਪ ਪੰਡਿਤ, ਗੁਰਦੀਪ ਕੰਗ ਤੇ ਵਿਪਨ ਖੁਰਾਨਾ ਵੀ ਮੌਜੂਦ ਸਨ।