ਮਾਂ ਨੇ ਨਸ਼ੇ ਲਈ ਪੈਸੇ ਨਾ ਦਿੱਤਾ ਤਾਂ ਛੱਤ ਤੋਂ ਮਾਰੀ ਛਾਲ, ਮੌਤ
ਮਾਂ ਤੋਂ ਮੰਗੇ ਨਸ਼ਾ ਕਰਨ ਲਈ ਪੈਸੇ ,ਨਾ ਮਿਲਣ ਤੇ ਮਾਰੀ ਛੱਤ ਤੋਂ ਛਾਲ,ਹੋਈ ਮੌਤ
Publish Date: Sat, 02 May 2026 06:56 PM (IST)
Updated Date: Sat, 02 May 2026 06:59 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਦੇ ਡੱਡਲ ਮੁਹੱਲਾ ਤੋਂ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿਥੇ ਨਸ਼ੇ ਦੀ ਲਤ ਨਾਲ ਜੂਝ ਰਹੇ ਇਕ ਨੌਜਵਾਨ ਨੇ ਘਰ ਦੀ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਗੰਭੀਰ ਜ਼ਖ਼ਮੀ ਹਾਲਤ ਵਿਚ ਉਸਨੂੰ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਦੇਖਦਿਆਂ ਹਾਇਰ ਸੈਂਟਰ ਰੈਫਰ ਕਰ ਦਿੱਤਾ। ਰਸਤੇ ਵਿਚ ਹੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸ਼ਰਨਜੀਤ ਸਿੰਘ ਵਾਸੀ ਡੱਡਲ ਮੁਹੱਲਾ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਨਸ਼ੇ ਦਾ ਆਦੀ ਸੀ ਤੇ ਅਕਸਰ ਮਾਪਿਆਂ ਕੋਲੋਂ ਪੈਸਿਆਂ ਦੀ ਮੰਗ ਕਰਦਾ ਸੀ। ਅੱਜ ਵੀ ਉਸ ਨੇ ਪੈਸੇ ਮੰਗੇ ਤਾਂ ਨਾ ਮਿਲਣ ’ਤੇ ਘਰ ਦੀ ਤੀਸਰੀ ਮੰਜ਼ਿਲ ’ਤੇ ਚੜ੍ਹ ਗਿਆ ਸੀ। ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ, ਪਰ ਇਸ ਦੌਰਾਨ ਹੀ ਉਸਨੇ ਛਾਲ ਮਾਰ ਦਿੱਤੀ। ਮ੍ਰਿਤਕ ਦੇ ਚਾਚਾ ਨਿਰਮਲ ਸਿੰਘ ਤੇ ਮਾਤਾ ਬਲਵੀਰ ਕੌਰ ਨੇ ਦੱਸਿਆ ਕਿ ਪੈਸੇ ਨਾ ਮਿਲਣ ਕਾਰਨ ਉਸਨੇ ਇਹ ਕਦਮ ਚੁੱਕਿਆ। ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਵੀ ਰਹਿੰਦਾ ਸੀ ਤੇ ਮਰ ਜਾਣ ਦੀਆਂ ਗੱਲਾਂ ਕਰਦਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਐੱਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਅਨੁਸਾਰ ਨੌਜਵਾਨ ਕਈ ਦਿਨਾਂ ਤੋਂ ਮਾਨਸਿਕ ਤਣਾਅ ਵਿਚ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਡੀਐੱਸਪੀ ਪਲਵਿੰਦਰ ਸਿੰਘ, ਐੱਸਐੱਚਓ ਅਮਨਪ੍ਰੀਤ ਕੌਰ ਵੀ ਮੌਜੂਦ ਸਨ।