ਗੁਰੂ ਰਵਿਦਾਸ ਟਾਈਗਰ ਫੋਰਸ ਨੇ ਐਸਡੀਐਮ ਫਗਵਾੜਾ ਨੂੰ ਦਿੱਤਾ ਮੰਗ ਪੱਤਰ

ਗੁਰੂ ਰਵਿਦਾਸ ਟਾਈਗਰ ਫੋਰਸ ਨੇ ਐੱਸਡੀਐੱਮ ਫਗਵਾੜਾ ਨੂੰ ਦਿੱਤਾ ਮੰਗ ਪੱਤਰ
ਚੌਕ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ’ਤੇ ਰੱਖਿਆ ਜਾਵੇ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਗੁਰੂ ਰਵਿਦਾਸ ਟਾਈਗਰ ਫੋਰਸ ਰਜਿਸਟਰ ਪੰਜਾਬ ਵੱਲੋਂ ਚੇਅਰਮੈਨ ਯਸ਼ ਬਰਨਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੇ ਨਾਮ ਐੱਸਡੀਐੱਮ ਫਗਵਾੜਾ ਰਣਦੀਪ ਸਿੰਘ ਹੀਰ ਨੂੰ ਮੰਗ ਪੱਤਰ ਭੇਟ ਕੀਤਾ ਗਿਆ। ਜਾਣਕਾਰੀ ਦਿੰਦਿਆਂ ਯਸ਼ ਬਰਨਾ ਨੇ ਦੱਸਿਆ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ 20 ਫਰਵਰੀ 2027 ਦਿਨ ਸ਼ਨੀਵਾਰ ਨੂੰ ਪੂਰੀ ਦੁਨੀਆ ਵਿਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਪੰਜਾਬ ਸਰਕਾਰ ਵੱਲੋਂ ਵੀ ਵੱਡੇ ਪੱਧਰ ’ਤੇ ਮਨਾਉਣ ਦੇ ਯਤਨ ਜਾਰੀ ਹਨ। ਪੰਜਾਬ ਵਿਚ ਸਤਿਗੁਰੂ ਰਵਿਦਾਸ ਜੀ ਦੇ ਨਾਲ ਸਬੰਧਤ ਇਤਿਹਾਸਿਕ ਗੁਰੂ ਘਰ ਹਨ, ਜਿਨ੍ਹਾਂ ਲਈ ਪੰਜਾਬ ਸਰਕਾਰ ਵੱਲੋਂ ਗਰਾਂਟਾਂ ਜਾਰੀ ਕੀਤੀਆਂ ਜਾਣ ਤਾਂ ਜੋ ਗੁਰੂ ਘਰਾਂ ਦਾ ਸੁੰਦਰੀਕਰਨ ਕੀਤਾ ਜਾ ਸਕੇ ਤੇ ਅਧੂਰੀਆਂ ਇਤਿਹਾਸਿਕ ਇਮਾਰਤਾਂ ਦੀ ਉਸਾਰੀ ਕੀਤੀ ਜਾ ਸਕੇ। ਪਿੰਡਾਂ ਸ਼ਹਿਰਾਂ ਵਿਚ ਗੁਰੂ ਘਰ ਨੂੰ ਜਾਂਦੇ ਰਸਤਿਆਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸ਼ਰਧਾ ਭਾਵਨਾ ਨੂੰ ਦੇਖਦੇ ਹੋਏ 650 ਕਰੋੜ ਰੁਪਿਆਂ ਦੀ ਗਰਾਂਟ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਜਾਵੇ, ਜਿਸ ਨੂੰ ਗੁਰੂ ਘਰਾਂ ਦੇ ਸੁੰਦਰੀਕਰਨ ਤੇ ਅਧੂਰੀਆਂ ਇਮਾਰਤਾਂ ਦੀ ਉਸਾਰੀ ਤੇ ਹਰ ਵਰਗ ਦੇ ਬੱਚਿਆਂ ਦੇ ਭਵਿੱਖ ਦੇ ਲਈ ਉਚੇਰੀ ਸਿੱਖਿਆ ਤੇ ਸਹੂਲਤ ਨੂੰ ਮੁੱਖ ਰੱਖਦਿਆਂ ਖਰਚ ਕੀਤੀ ਜਾਵੇ ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਨਾਮ ’ਤੇ ਯੂਨੀਵਰਸਿਟੀ ਤੇ ਹਸਪਤਾਲ ਖੋਲ੍ਹੇ ਜਾਣ। ਯਸ਼ ਬਰਨਾ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਅਸਥਾਨ ਚੱਕ ਹਕੀਮ ਦੇ ਨੇੜੇ ਜਲੰਧਰ ਬਾਈਪਾਸ ਫਗਵਾੜਾ ਵਿਖੇ ਪਿੰਡ ਕਾਸ਼ੀ ਨਗਰ ਮੇਹਟਾ ਸਥਿਤ ਚੌਂਕ ਦਾ ਨਾਮ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਨਾਮ ’ਤੇ ਰੱਖਿਆ ਜਾਵੇ, ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਪੰਜਾਬ ਵਿਧਾਨ ਸਭਾ ਵਿਚ ਸਾਹਿਬ ਕਾਂਸ਼ੀ ਰਾਮ ਜੀ ਨੂੰ ਭਾਰਤ ਰਤਨ ਦੇਣ ਲਈ ਪੰਜਾਬ ਸਰਕਾਰ ਵੱਲੋਂ ਮਤਾ ਪਾਇਆ ਗਿਆ ਸੀ। ਪੰਜਾਬ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਜਲੰਧਰ ਬਾਈਪਾਸ ਵਿਖੇ ਸਥਿਤ ਹੁਸ਼ਿਆਰਪੁਰ ਰੋਡ ’ਤੇ ਚੌਂਕ ਦਾ ਨਾਮ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਮ ’ਤੇ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਐੱਸਡੀਐੱਮ ਫਗਵਾੜਾ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਿਆ ਗਿਆ ਹੈ। ਇਸ ਮੌਕੇ ਸੰਤੋਖ ਖਮਗੂੜਾ, ਹਰਨਾਮ ਸਿੰਘ, ਮਨਜੀਤ ਮਹਿਮੀ, ਬਲਵੀਰ ਰਾਮ, ਪੰਕਜ ਜੌੜਾ, ਸਤੀਸ਼ ਬੰਟੀ, ਰਵਿੰਦਰ ਕੁਮਾਰ, ਐਡਵੋਕੇਟ ਰਣਦੀਪ ਕੁਮਾਰ, ਦੀਪਾ ਦੂਗਾ, ਰਵੀ ਪਲਾਹੀ, ਸੁਖ ਬਿਰਧੀ, ਦੀਪ ਪ੍ਰੇਮਪੁਰਾ, ਮੱਖਣ ਸਿੱਧੂ, ਪਰਮਿੰਦਰ ਬੋਧ, ਪ੍ਰੇਮ ਮੇਹਲੀ, ਮਦਨ ਕੋਟਨੀ, ਜੀਤ ਰਾਮ, ਲਵਲੀ, ਨਵੀ ਬਰਨਾ ਆਦਿ ਹਾਜ਼ਰ ਸਨ।