ਗੁਰਬਾਜ਼ ਸਿੰਘ ਨੇ ਰਾਜ ਪੱਧਰੀ ਮੁਕਾਬਲੇ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਗੁਰਬਾਜ਼ ਸਿੰਘ ਨੇ ਰਾਜ ਪੱਧਰੀ ਮੁਕਾਬਲੇ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Wed, 06 May 2026 06:06 PM (IST)
Updated Date: Wed, 06 May 2026 06:08 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਦੇ ਹੋਣਹਾਰ ਵਿਦਿਆਰਥੀ ਗੁਰਬਾਜ਼ ਸਿੰਘ ਨੇ ਯੂਸੀਐੱਮਏਐੱਸ ਵੱਲੋਂ ਕਰਵਾਈ ਗਈ 19ਵੀਂ ਪੰਜਾਬ ਅਤੇ ਚੰਡੀਗੜ੍ਹ ਰਾਜ ਪੱਧਰੀ ਵਿਜੁਅਲ, ਫਲੈਸ਼ ਅਤੇ ਲਿਸਨਿੰਗ ਮੁਕਾਬਲੇ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਮੁਕਾਬਲੇ ’ਚ ਪੰਜਾਬ, ਚੰਡੀਗੜ੍ਹ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਭਾਗ ਲਿਆ। ਕਾਫੀ ਸਖਤ ਮੁਕਾਬਲੇ ਦੇ ਬਾਵਜੂਦ ਗੁਰਬਾਜ਼ ਸਿੰਘ ਨੇ ਆਪਣੀ ਤੇਜ਼ ਮਾਨਸਿਕ ਗਣਨਾ ਤੇ ਉੱਚ ਦਰਜੇ ਦੀ ਇਕਾਗਰਤਾ ਨਾਲ ਸੈਕੰਡ ਰਨਰ ਅੱਪ, ਫੋਰਥ ਰਨਰ ਅੱਪ, ਅਤੇ ਫਿਫਥ ਰਨਰ ਅੱਪ ਵਰਗੀਆਂ ਮਹੱਤਵਪੂਰਨ ਸਥਿਤੀਆਂ ਹਾਸਲ ਕੀਤੀਆਂ। ਗੁਰਬਾਜ਼ ਸਿੰਘ ਦੀ ਇਸ ਕਾਮਯਾਬੀ ਦੇ ਪਿੱਛੇ ਉਸਦੀ ਲਗਾਤਾਰ ਮਿਹਨਤ, ਅਨੁਸ਼ਾਸ਼ਿਤ ਅਤੇ ਨਿਰੰਤਰ ਅਭਿਆਸ ਦਾ ਵੱਡਾ ਯੋਗਦਾਨ ਹੈ। ਉਸਨੇ ਹਰ ਰੋਜ਼ ਘੰਟਿਆਂਬੱਧੀ ਅਭਿਆਸ ਕਰਕੇ ਆਪਣੀ ਗਤੀ ਨੂੰ ਨਿਖਾਰਿਆ, ਜਿਸ ਦਾ ਨਤੀਜਾ ਅੱਜ ਇਸ ਵੱਡੀ ਪ੍ਰਾਪਤੀ ਵਜੋਂ ਸਾਹਮਣੇ ਆਇਆ ਹੈ। ਉਸਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਹੈ। ਸਕੂਲ ਦੀ ਪ੍ਰਿੰਸੀਪਲ ਸੁਨੀਤਾ ਸਭਰਵਾਲ ਨੇ ਇਸ ਮੌਕੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਕਾਮਯਾਬੀ ਵਿਦਿਆਰਥੀ ਦੀ ਲਗਨ ਅਤੇ ਸਮਰਪਣ ਦਾ ਨਤੀਜਾ ਹੈ। ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਨੇ ਵੀ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਇਸ ਨੂੰ ਸਕੂਲ ਲਈ ਮਾਣ ਵਾਲਾ ਪਲ ਦੱਸਿਆ। ਇਸ ਮੌਕੇ ਗੁਰਬਾਜ਼ ਸਿੰਘ ਦੇ ਮਾਤਾ-ਪਿਤਾ ਵੀ ਸਕੂਲ ਪਹੁੰਚੇ, ਜਿੱਥੇ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਸਮਰਪਣ ਭਾਵਨਾ, ਨਿਰੰਤਰ ਸਹਿਯੋਗ ਅਤੇ ਬੱਚੇ ਦੀ ਮਿਹਨਤ ਦੀ ਭਰਪੂਰ ਸਰਾਹਨਾ ਕੀਤੀ ਗਈ। ਪ੍ਰਬੰਧਕਾਂ ਨੇ ਕਿਹਾ ਕਿ ਮਾਪਿਆਂ ਦੇ ਸਹਿਯੋਗ ਤੋਂ ਬਿਨਾਂ ਇਸ ਤਰ੍ਹਾਂ ਦੀਆਂ ਕਾਮਯਾਬੀਆਂ ਸੰਭਵ ਨਹੀਂ ਹੁੰਦੀਆਂ। ਸਕੂਲ ਪਰਿਵਾਰ ਨੇ ਗੁਰਬਾਜ਼ ਸਿੰਘ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਆਗਾਮੀ ਸਮੇਂ ’ਚ ਵੀ ਇਸੇ ਤਰ੍ਹਾਂ ਮਿਹਨਤ ਕਰਦਾ ਹੋਇਆ ਹੋਰ ਵੱਡੀਆਂ ਉਪਲੱਬਧੀਆਂ ਹਾਸਲ ਕਰੇਗਾ ਤੇ ਸਕੂਲ ਦਾ ਨਾਮ ਹੋਰ ਉੱਚਾ ਕਰੇਗਾ।