ਪੰਜਾਬ ’ਚ ਵਧ ਰਿਹਾ ਰਾਜਨੀਤਿਕ ਟਕਰਾਅ ਚਿੰਤਾਜਨਕ : ਅਸ਼ੋਕ
ਪੰਜਾਬ ’ਚ ਵੱਧ ਰਹੇ ਰਾਜਨੀਤਿਕ ਟਕਰਾਅ ਅਤੇ ਖੂਨੀ ਘਟਨਾਕ੍ਰਮ ਚਿੰਤਾਜਨਕ : ਅਸ਼ੋਕ/ਅਰੋੜਾ/ਮੁਕੁਲ
Publish Date: Thu, 21 May 2026 07:47 PM (IST)
Updated Date: Thu, 21 May 2026 07:49 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਵਿਚ ਵਧ ਰਹੀਆਂ ਰਾਜਨੀਤਿਕ ਦੂਸ਼ਣ ਬਾਜ਼ੀਆਂ, ਆਪਸੀ ਟਕਰਾਵਾਂ ਤੇ ਇਸ ਕਾਰਨ ਸਾਹਮਣੇ ਆ ਰਹੀਆਂ ਖੂਨੀ ਘਟਨਾਵਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਸਹਿ ਮੰਤਰੀ ਅਸ਼ੋਕ ਕੁਮਾਰ, ਜ਼ਿਲ੍ਹਾ ਖਜ਼ਾਨਚੀ ਰਾਜ ਕੁਮਾਰ ਅਰੋੜਾ ਤੇ ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਮੁਕੁਲ ਅਰੋੜਾ ਨੇ ਕਿਹਾ ਕਿ ਇਹ ਰੁਝਾਨ ਪੰਜਾਬ ਦੀ ਸਮਾਜਿਕ ਤੇ ਰਾਜਨੀਤਿਕ ਸਿਹਤ ਲਈ ਬਹੁਤ ਹੀ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ਲੋਕ ਸੇਵਾ ਦਾ ਮਾਧਿਅਮ ਹੋਣੀ ਚਾਹੀਦੀ ਹੈ ਪਰ ਮੌਜੂਦਾ ਸਮੇਂ ਵਿਚ ਰਾਜਨੀਤਿਕ ਮਾਹੌਲ ’ਚ ਵਧ ਰਹੀ ਕੜਵਾਹਟ ਤੇ ਨਫਰਤ ਸਮਾਜ ਲਈ ਖਤਰਨਾਕ ਸਾਬਤ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਹਮੇਸ਼ਾ ਭਾਈਚਾਰਕ ਸਾਂਝ, ਸ਼ਾਂਤੀ ਤੇ ਆਪਸੀ ਸਤਿਕਾਰ ਦੀ ਧਰਤੀ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਰਾਜਨੀਤਿਕ ਧਿਰਾਂ ਵਿਚਕਾਰ ਵਧ ਰਹੀ ਬਿਆਨਬਾਜ਼ੀ ਤੇ ਟਕਰਾਅ ਨੇ ਸਮਾਜ ਵਿਚ ਗਲਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿਆਸੀ ਅੰਤਰਵਿਰੋਧ ਨਿੱਜੀ ਵੈਰ ਵਿਰੋਧ ਵਿਚ ਬਦਲਣ ਲੱਗ ਪੈਣ ਤਾਂ ਇਸ ਦਾ ਨੁਕਸਾਨ ਸਿਰਫ ਰਾਜਨੀਤਿਕ ਪਾਰਟੀਆਂ ਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਪਹਿਲਾਂ ਹੀ ਕਈ ਸਮਾਜਿਕ ਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਵਿਚ ਰਾਜਨੀਤਿਕ ਹਿੰਸਾ ਤੇ ਦੂਸ਼ਣਬਾਜ਼ੀ ਉਨ੍ਹਾਂ ਨੂੰ ਗਲਤ ਦਿਸ਼ਾ ਵੱਲ ਧੱਕ ਸਕਦੀ ਹੈ। ਉਨ੍ਹਾਂ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬੋਲੀ ਤੇ ਵਿਵਹਾਰ ਵਿਚ ਸੰਜਮ ਵਰਤਣ ਤੇ ਲੋਕਾਂ ਸਾਹਮਣੇ ਇਕ ਸਕਾਰਾਤਮਕ ਮਿਸਾਲ ਪੇਸ਼ ਕਰਨ। ਆਗੂਆਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਵੀ ਆਪਣੇ ਸੂਬੇ ਦੇ ਮਾਹੌਲ ’ਤੇ ਗਹਿਰੀ ਨਜ਼ਰ ਰੱਖਦੇ ਹਨ ਤੇ ਪੰਜਾਬ ਚ ਸ਼ਾਂਤੀ, ਤਰੱਕੀ ਤੇ ਸਥਿਰਤਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਲਾਜ਼ਮੀ ਹੈ ਕਿ ਸਾਰੀਆਂ ਰਾਜਨੀਤਿਕ ਧਿਰਾਂ ਲੋਕਤੰਤਰਿਕ ਮਰਿਆਦਾਵਾਂ ਅੰਦਰ ਰਹਿ ਕੇ ਕੰਮ ਕਰਨ ਤੇ ਨਫਰਤ ਦੀ ਬਜਾਏ ਵਿਕਾਸ ਦੇ ਮੁੱਦਿਆਂ ’ਤੇ ਧਿਆਨ ਦੇਣ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰੇ ਨੂੰ ਮਜ਼ਬੂਤ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਨਫਰਤ ਜਾਂ ਹਿੰਸਾ ਤੋਂ ਦੂਰ ਰਹਿ ਕੇ ਪੰਜਾਬ ਦੀ ਸ਼ਾਂਤੀ ਤੇ ਏਕਤਾ ਨੂੰ ਕਾਇਮ ਰੱਖਣ ’ਚ ਆਪਣਾ ਯੋਗਦਾਨ ਪਾਉਣ।