ਗੁਰਦੁਆਰਾ ਬਾਉਲੀ ਸਾਹਿਬ ’ਚ ਮਹਾਨ ਕੀਰਤਨ ਦਰਬਾਰ ਤੇ ਜਪ ਤਪ ਸਮਾਗਮ ਕਰਵਾਇਆ
ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਮਹਾਨ ਕੀਰਤਨ ਦਰਬਾਰ ਅਤੇ ਜਪ-ਤਪ ਸਮਾਗਮ
Publish Date: Fri, 17 Apr 2026 08:06 PM (IST)
Updated Date: Fri, 17 Apr 2026 08:09 PM (IST)
- ਰਾਗੀ ਜਥਿਆਂ ਨੇ ਕੀਰਤਨ ਨਾਲ ਆਈ ਸੰਗਤ ਨੂੰ ਕੀਤਾ ਨਿਹਾਲ
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਵਿਸਾਖੀ ਦੇ ਪਾਵਨ ਤਿਉਹਾਰ ਮੌਕੇ ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਸੇਵਾ ਸੁਸਾਇਟੀ ਨਡਾਲਾ ਦੇ ਸਾਂਝੇ ਉਪਰਾਲੇ ਨਾਲ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਮਹਾਨ ਕੀਰਤਨ ਦਰਬਾਰ ਅਤੇ ਜਪ ਤਪ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ। ਇਸ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਗੁਰਦੀਪ ਸਿੰਘ ਅਤੇ ਭਾਈ ਹਰਭਜਨ ਸਿੰਘ ਸ਼ਾਨ ਨੇ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਆਤਮਿਕ ਮਾਹੌਲ ਸਿਰਜਿਆ। ਕਥਾ ਵਾਚਕਾਂ ਵੱਲੋਂ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ’ਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਅਤੇ ਸੰਗਤ ਨੂੰ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਪਾਵਨ ਮੌਕੇ ’ਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ। ਸਮਾਗਮ ਦੌਰਾਨ ਲੰਗਰ ਦੀ ਵਿਸ਼ਾਲ ਸੇਵਾ ਲਗਾਤਾਰ ਚੱਲਦੀ ਰਹੀ, ਜਿਸ ਵਿੱਚ ਸੰਗਤ ਨੇ ਬੜੇ ਚਾਅ ਅਤੇ ਸ਼ਰਧਾ ਨਾਲ ਹਿੱਸਾ ਲਿਆ। ਸੁਸਾਇਟੀਆਂ ਦੇ ਆਗੂਆਂ ਨੇ ਦੱਸਿਆ ਕਿ ਅਜਿਹੇ ਧਾਰਮਿਕ ਸਮਾਗਮਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨਾ ਅਤੇ ਸਿੱਖ ਧਰਮ ਦੇ ਉੱਚੇ ਆਦਰਸ਼ਾਂ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੀ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਭੁਪਿੰਦਰ ਸਿੰਘ, ਪਲਵਿੰਦਰ ਸਿੰਘ ਘੋਤੜਾ, ਭੁਪਿੰਦਰ ਸਿੰਘ ਲੱਕੀ, ਸ਼ੇਰਪਾਲ ਸਿੰਘ ਟਿੰਕੂ, ਇੰਦਰਜੀਤ ਸਿੰਘ ਡੀਪੀ, ਕੁਲਵੰਤ ਸਿੰਘ ਪੱਪੂ ਗਿੱਲ, ਅਵਤਾਰ ਸਿੰਘ ਮੁਲਤਾਨੀ, ਨੰਬਰਦਾਰ ਦਲਜਿੰਦਰ ਸਿੰਘ ਘੋਤੜਾ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸਨ।