ਅਕਾਲ ਗਲੈਕਸੀ ਸਕੂਲ ’ਚ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ
ਅਕਾਲ ਗਲੈਕਸੀ ਸਕੂਲ ਵਿਚ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ
Publish Date: Sat, 16 May 2026 07:25 PM (IST)
Updated Date: Sat, 16 May 2026 07:27 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਚ ਪ੍ਰਿੰਸੀਪਲ ਮੈਡਮ ਮਧੂ ਸ਼ਰਮਾ ਦੀ ਯੋਗ ਅਗਵਾਈ ਹੇਠ ਗ੍ਰੈਜੂਏਸ਼ਨ ਸਮਾਰੋਹ ਤੇ ਫੈਮਿਲੀ ਡੇ ਬਹੁਤ ਹੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਕੈਂਪਸ ਨੂੰ ਰੰਗ-ਬਿਰੰਗੀਆਂ ਸਜਾਵਟਾਂ ਨਾਲ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਸੀ, ਜਿਸ ਨੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਸਮਾਰੋਹ ਦੀ ਸ਼ੁਰੂਆਤ ਰੱਬੀ ਬਾਣੀ ਤੇ ਸ਼ਬਦ ਗਾਇਨ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਆਧਿਆਤਮਕ ਰੰਗ ਵਿਚ ਰੰਗਿਆ ਗਿਆ। ਇਸ ਤੋਂ ਬਾਅਦ ਬੱਚਿਆਂ ਵੱਲੋਂ ਗਤਕੇ ਦਾ ਸ਼ਾਨਦਾਰ ਤੇ ਦਿਲਕਸ਼ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਨੰਨੇ-ਮੁੰਨੇ ਬੱਚਿਆਂ ਨੇ ਆਪਣੇ ਗ੍ਰੈਜੂਏਸ਼ਨ ਗਾਊਨ ਤੇ ਕੈਪ ਪਹਿਨ ਕੇ ਰੈਂਪ ਵਾਕ ਕੀਤਾ ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਹਿਊਮਨ ਰਾਇਟਸ ਕੌਂਸਲ ਇੰਡੀਆ ਦੇ ਨੈਸ਼ਨਲ ਪ੍ਰਧਾਨ ਆਰਤੀ ਰਾਜਪੂਤ, ਪੰਜਾਬ ਪ੍ਰਧਾਨ ਰਮਨ ਨਹਿਰਾ ਤੇ ਜ਼ਿਲ੍ਹਾ ਪ੍ਰਧਾਨ ਨੰਦ ਸੋਨੀ ਦੀ ਵਿਸ਼ੇਸ਼ ਹਾਜ਼ਰੀ ਰਹੀ। ਮਹਿਮਾਨਾਂ ਦਾ ਸਕੂਲ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਤੇ ਸਨਮਾਨ ਚਿੰਨ੍ਹਾਂ ਨਾਲ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਮਾਤਾਵਾਂ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਰੰਗਾਰੰਗ ਡਾਂਸ ਪੇਸ਼ਕਾਰੀਆਂ ਦਿੱਤੀਆਂ। ਬੱਚਿਆਂ ਵੱਲੋਂ ਆਪਣੇ ਮਾਤਾ-ਪਿਤਾ ਦੇ ਸਤਿਕਾਰ ਤੇ ਉਨ੍ਹਾਂ ਦੇ ਤਿਆਗ ਨੂੰ ਦਰਸਾਉਂਦੀ ਇਕ ਭਾਵੁਕ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਨਾਚ, ਦੇਸ਼ਭਗਤੀ ਗੀਤ, ਕਵਿਤਾਵਾਂ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਸ ਦੌਰਾਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ, ਮੈਨੇਜਮੈਂਟ ਮੈਂਬਰ ਪਰਗਟ ਸਿੰਘ ਜੱਜ, ਇੰਦਰ ਪਾਲ ਸਿੰਘ ਜੱਜ, ਮੈਡਮ ਨਵਜੋਤ ਕੌਰ, ਮੈਡਮ ਮਨਜੀਤ ਕੌਰ, ਪ੍ਰਿੰਸੀਪਲ ਗਗਨਦੀਪ ਕੌਰ ਜੱਜ (ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ) ਤੇ ਪ੍ਰਿੰਸੀਪਲ ਮੋਨਾ ਘਈ (ਸੀਨੀਅਰ ਵਿੰਗ) ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਆਪਣੇ ਸੰਬੋਧਨ ਦੌਰਾਨ ਡਾ ਸੁਖਦੇਵ ਸਿੰਘ ਜੱਜ ਨੇ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਬੱਚਿਆਂ ਨੂੰ ਚੰਗੇ ਸੰਸਕਾਰ ਤੇ ਉੱਚੀ ਸੋਚ ਦੇਣਾ ਹੈ। ਪ੍ਰਿੰਸੀਪਲ ਮੈਡਮ ਮਧੂ ਸ਼ਰਮਾ ਨੇ ਸਮੂਹ ਮਾਪਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਆਰਤੀ ਰਾਜਪੂਤ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਤੇ ਸੰਸਕਾਰ ਕਾਬਿਲ-ਏ-ਤਾਰੀਫ਼ ਹਨ। ਸਟੇਜ ਸੰਚਾਲਕ ਦੀ ਭੂਮਿਕਾ ਮੈਡਮ ਨੀਨਾ ਵੱਲੋਂ ਬਹੁਤ ਹੀ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ। ਸਮਾਗਮ ਦੇ ਅੰਤ ਵਿਚ ਬੱਚਿਆਂ ਨੂੰ ਗ੍ਰੈਜੂਏਸ਼ਨ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।