ਗੌਰਮਿੰਟ ਟੀਚਰ ਯੂਨੀਅਨ ਨੇ 100 ਫੀਸਦੀ ਅਧਿਆਪਕਾਂ ਦੀਆਂ ਡਿਊਟੀਆਂ ਮਰਦਮਸ਼ੁਮਾਰੀ -2027 ’ਚ ਲੱਗਣ ਤੇ ਲਿਆ ਸਖਤ ਨੋਟਿਸ

ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਗੌਰਮਿੰਟ ਟੀਚਰਜ਼ ਯੂਨੀਅਨ ਦੁਆਰਾ ਮਰਦਮਸ਼ੂਮਾਰੀ-2027 ਲਈ ਸਕੂਲਾਂ ਵਿੱਚ ਨਵੇਂ ਦਾਖਲੇ ਤੇ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ 50 ਫ਼ੀਸਦੀ ਸਟਾਫ ਦੀ ਡਿਊਟੀ ਮਰਦਮਸ਼ੁਮਾਰੀ-2027 ਵਿੱਚ ਲਗਾਉਣ ਲਈ ਬੀਤੇ ਦਿਨੀਂ ਡੀਸੀ ਕਪੂਰਥਲਾ, ਕਮਿਸ਼ਨਰ ਮਿਊਂਸਪਲ ਕਮੇਟੀ, ਏਡੀਸੀ ਜਨਰਲ ਨੂੰ ਮਿਲ ਕੇ ਮੰਗ ਪੱਤਰ ਸੌਂਪੇ ਗਏ ਸਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਛਪਾਲ ਸਿੰਘ ਵੜੈਚ ਤੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸਕੂਲਾਂ ਦੇ ਸਾਰੇ ਸਟਾਫ ਨੂੰ ਮਰਦਮ ਸ਼ੁਮਾਰੀ-2027 ਦੀਆਂ ਡਿਊਟੀਆਂ ਵਿੱਚ ਲਗਾ ਦੇਣ ਨਾਲ ਜ਼ਿਲ੍ਹੇ ਦੇ ਸਾਰੇ ਸਕੂਲ ਪੂਰੀ ਤਰ੍ਹਾਂ ਨਾਲ ਖਾਲੀ ਕਰਨ ਅਤੇ ਬੱਚਿਆਂ ਦੀ ਸਿੱਖਿਆ ਦੇ ਵੱਡੇ ਪੱਧਰ ’ਤੇ ਹੋਏ ਨੁਕਸਾਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਥੇਬੰਦੀ ਵੱਲੋਂ ਸੰਘਰਸ਼ ਵਿੱਢਣ ਦੀ ਸਖਤ ਚਿਤਾਵਨੀ ਦਿੱਤੀ ਗਈ ਹੈ। ਰਛਪਾਲ ਸਿੰਘ ਵੜੈਚ ਤੇ ਸੁਖਚੈਨ ਸਿੰਘ ਬੱਧਣ ਨੇ ਦੱਸਿਆ ਕਿ ਅਸੀਂ ਮੰਗ ਕੀਤੀ ਸੀ ਕਿ ਹਰ ਵਿਭਾਗ ਵਿੱਚੋਂ ਰੇਸ਼ੋ ਅਨੁਸਾਰ ਸਟਾਫ ਲਗਾਇਆ ਜਾਵੇ। ਕਿਉਂਕਿ ਇਹ ਸਰਵੇ ਕੇਂਦਰ ਸਰਕਾਰ ਦਾ ਹੈ। ਇਸ ਵਿੱਚੋਂ ਕੇਂਦਰ ਸਰਕਾਰ ਦੇ ਕਰਮਚਾਰੀ ਲਗਾਉਣ ਤੋਂ ਬਾਅਦ ਰੇਸ਼ੋ ਅਨੁਸਾਰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਡਿਊਟੀ ’ਤੇ ਲਗਾਏ ਜਾਣ। ਸਕੂਲਾਂ ਵਿੱਚ ਘੱਟੋ ਘੱਟ 50% ਸਟਾਫ ਤਾਂ ਰਹਿਣ ਦਿੱਤਾ ਜਾਵੇ। ਜੋ ਸਟਾਫ ਲਗਾਉਣਾ ਵੀ ਹੈ। ਉਸ ਨੂੰ ਉਸ ਦੇ ਸਕੂਲ ਜਾਂ ਘਰ ਦੇ ਨਜ਼ਦੀਕ ਲਾ ਦਿਓ। ਜਦੋਂ ਸ਼ਹਿਰਾਂ ਵਿੱਚ ਵੱਖ-ਵੱਖ ਮਹਿਕਮਿਆਂ ਵਿੱਚ ਲੁੜੀਂਦਾ ਸਟਾਫ ਬੈਠਾ ਹੈ।
ਪ੍ਰਸ਼ਾਸਨ ਦੁਆਰਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਇਸ ਸਰਵੇ ਵਿੱਚ ਬਿਲਕੁਲ ਵੀ ਨਹੀਂ ਲਗਾਇਆ ਗਿਆ ਤੇ ਪੰਜਾਬ ਸਰਕਾਰ ਦੇ ਵੀ ਬਾਕੀ ਵਿਭਾਗਾਂ ਨੂੰ ਛੱਡ ਕੇ ਸਿੱਖਿਆ ਵਿਭਾਗ ਦੇ ਸਾਰੇ ਦੇ ਸਾਰੇ ਅਧਿਆਪਕ ਇਸ ਮਰਦਮ ਸ਼ੁਮਾਰੀ ਵਿੱਚ ਲਗਾ ਕੇ ਲਗਾਤਾਰ ਸਾਰੇ ਸਕੂਲ ਖਾਲੀ ਕਰ ਦਿੱਤੇ ਗਏ ਹਨ। ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸ਼ਹਿਰਾਂ ਵਿੱਚ ਕਿਉਂ ਲਗਾਇਆ ਜਾ ਰਿਹਾ ਹੈ। ਸਿਰਫ ਅਧਿਆਪਕ ਹੀ ਕਿਉਂ ਜਨਗਣਨਾ ਲਈ ਲਗਾਏ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਅਧਿਕਾਰੀਆਂ ਦੇ ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ। ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਕਿਹਾ ਕਿ ਅਧਿਆਪਕ ਵਰਗ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ’ਤੇ ਹੀ ਸਿਰਤੋੜ ਮਿਹਨਤ ਕੀਤੀ ਜਾ ਰਹੀ ਹੈ ਕਿ ਸਕੂਲਾਂ ਵਿੱਚ ਬੱਚਿਆਂ ਦੇ ਦਾਖਲਿਆਂ ਵਿੱਚ ਵਾਧਾ ਕੀਤਾ ਜਾਵੇ। ਪਰ ਬਹੁਤ ਸਾਰੇ ਅਧਿਆਪਕ ਹੈਲਥ ਕਾਰਡ ਬਣਾਉਣ, ਜਨ ਗਨਣਾ ਤੇ ਬੀਐੱਲਓ ਦੀਆਂ ਡਿਊਟੀਆਂ ਕਾਰਨ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕੰਮ ਪ੍ਰਾਈਵੇਟ ਏਜੰਸੀ ਕੋਲੋਂ ਵੀ ਕਰਵਾਇਆ ਜਾ ਸਕਦਾ ਸੀ। ਪਰ ਪ੍ਰਸ਼ਾਸਨ ਵੱਲੋਂ ਇਸ ਸਭ ਨੂੰ ਛਿੱਕੇ ਟੰਗ ਕੇ ਲਗਾਤਾਰ 50-50 ਅਧਿਆਪਕਾਂ ਦੀਆਂ ਡਿਊਟੀਆਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਇਨ੍ਹਾਂ ਵਿੱਚੋਂ 50 ਫ਼ੀਸਦੀ ਸਟਾਫ ਦੀਆਂ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸਾਰੇ ਕੰਮ ਲਈ ਸਕੂਲਾਂ ਨੂੰ ਜਿੰਦਰੇ ਮਾਰ ਕੇ ਪਿੰਡਾਂ ਦੀਆਂ ਪੰਚਾਇਤਾਂ ਐੱਸਐੱਮਸੀ ਕਮੇਟੀਆਂ ਨੂੰ ਨਾਲ ਲੈ ਕੇ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਰਾਓ ਕੀਤਾ ਜਾਵੇਗਾ। ਇਸ ਮੌਕੇ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ, ਅਵਤਾਰ ਸਿੰਘ ਹੈਬਤਪੁਰ, ਅਸ਼ਵਨੀ ਕੁਮਾਰ, ਅਮਨਦੀਪ ਸਿੰਘ, ਯਾਦਵਿੰਦਰ ਸਿੰਘ, ਪੰਕਜ ਮਰਵਾਹਾ, ਜਸਵਿੰਦਰ ਸਿੰਘ ਸਿਕਾਰਪੁਰ, ਜਸਵੀਰ ਸਿੰਘ ਚੀਮਾ, ਸੁਖਦੇਵ ਸਿੰਘ ਬੂਲਪੁਰ, ਸੁਖਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਤਜਿੰਦਰ ਸਿੰਘ, ਯੋਗੇਸ਼ ਸੋਰੀ, ਜਗਮੋਹਨ ਸਿੰਘ ਥਿੰਦ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।