ਸੈਂਸਜ਼ ਡਿਊਟੀਆਂ ਤੋਂ ਅਧਿਆਪਕਾਂ ਨੂੰ ਫਾਰਗ ਕੀਤਾ ਜਾਵੇ : ਜੀਟੀਯੂ
ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਐੱਸ ਡੀ ਐੱਮ ਨੂੰ ਮਿਲਿਆ
Publish Date: Tue, 19 May 2026 09:04 PM (IST)
Updated Date: Tue, 19 May 2026 09:07 PM (IST)

ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਐੱਸਡੀਐੱਮ ਨੂੰ ਮਿਲਿਆ ਚੋਣ ਡਿਊਟੀਆਂ ਸਬੰਧੀ ਦਿੱਤਾ ਮੰਗ ਪੱਤਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਕਪੂਰਥਲਾ ਇਕਾਈ ਦਾ ਇਕ ਵਫ਼ਦ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਦੀ ਅਗਵਾਈ ਵਿਚ ਅਮਨਪਾਲ ਸਿੰਘ ਐੱਸਡੀਐੱਮ ਸੁਲਤਾਨਪੁਰ ਲੋਧੀ ਤੇ ਬਲਜੀਤ ਸਿੰਘ ਬਿਲਗਾ ਕਾਰਜ ਸਾਧਕ ਅਫਸਰ ਸੈਂਸਜ਼ ਸੁਲਤਾਨਪੁਰ ਲੋਧੀ ਨੂੰ ਮਿਲਿਆ। ਵਫ਼ਦ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਮੁੱਖ ਮੰਗਾਂ ਜਿਸ ਵਿਚ ਜਨਗਣਨਾ ਡਿਊਟੀ ਨੇੜੇ ਤੋਂ ਨੇੜੇ ਲਗਾਉਣ ਸਬੰਧੀ ਜਾਣੂ ਕਰਾਉਣ ਦੇ ਬਾਵਜੂਦ ਬਹੁਤ ਦੂਰ ਲਗਾਉਣ, ਕੁੱਝ ਦਫਤਰਾਂ ਨੇ ਕਥਿਤ ਤੌਰ ’ਤੇ ਕਿਸੇ ਪਹੁੰਚ ਵਾਲੇ ਦੀ ਡਿਊਟੀ ਕੱਟ ਕੇ ਹੋਰ ਅਧਿਆਪਕਾਂ ਨੂੰ ਸਮਾਨ ਚੁਕਵਾ ਦੇਣ, ਜਿਨ੍ਹਾਂ ਨੇ ਕੋਈ ਰਿਹਰਸਲ ਤੱਕ ਵੀ ਨਹੀਂ ਕੀਤੀ ਵੱਲ ਵਿਸੇਸ਼ ਧਿਆਨ ਦਿਵਾਇਆ। ਆਗੂਆਂ ਨੇ ਕਿਹਾ ਕਿ ਅਧਿਆਪਕ ਵਰਗ ਬੀਐੱਲਓ ਤੇ ਹਰ ਕਿਸਮ ਦੀ ਡਿਊਟੀ ਲਈ ਹਮੇਸ਼ਾ ਪ੍ਰਸਾਸ਼ਨ ਦਾ ਸਹਿਯੋਗ ਦਿੰਦਾ ਹੈ ਪਰ ਇਸ ਦੇ ਬਾਵਜੂਦ ਦੂਰ-ਦੁਰੇਡੇ ਇਸਤਰੀ ਕਰਮਚਾਰੀਆਂ ਦੀ ਡਿਊਟੀ ਲਗਾਉਣਾ ਅਧਿਆਪਕ ਵਰਗ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਇਲੈਕਸ਼ਨ ਡਿਊਟੀਆਂ ਵਿਚ ਵੀ ਆ ਰਹੀਆਂ ਹਨ। ਉਨ੍ਹਾਂ ਵਿਚ ਵੀ ਜ਼ਿਆਦਾਤਰ ਉਨ੍ਹਾਂ ਅਧਿਆਪਕਾਂ ਦੀ ਡਿਊਟੀ ਆਈ ਹੈ, ਜੋ ਪਹਿਲਾਂ ਹੀ ਮਰਦਮਸ਼ੁਮਾਰੀ ਜਾਂ ਡਰੱਗ ਸੈਂਸਜ਼ ਦੀ ਡਿਊਟੀ ਕਰ ਰਹੇ ਹਨ। ਇਸ ਦੇ ਨਾਲ ਹੀ ਫਗਵਾੜਾ ਤੋਂ 70 ਕਿਲੋਮੀਟਰ ਦੂਰ ਟੀਚਰ ਸੁਲਤਾਨਪੁਰ ਲੋਧੀ ਵਿਚ ਇਲੈਕਸ਼ਨ ਕਰਾਉਣ ਲਈ ਭੇਜੇ ਜਾ ਰਹੇ ਹਨ। ਆਗੂਆਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਡਬਲ ਡਿਊਟੀ ਕੱਟੀ ਜਾਵੇ ਤੇ ਫਗਵਾੜਾ ਤਹਿਸੀਲ ਦੀ ਦੂਰੀ ਨੂੰ ਧਿਆਨ ਵਿਚ ਰੱਖਦੇ ਹੋਏ ਉੱਥੋਂ ਦੇ ਅਧਿਆਪਕਾਂ ਦੀ ਚੋਣਾਂ ਵਿਚ ਡਿਊਟੀ ਨਾ ਲਗਾਈ ਜਾਵੇ। ਜਿਨ੍ਹਾਂ ਇਸਤਰੀ ਕਰਮਚਾਰੀਆਂ ਦੇ ਬੱਚੇ ਛੋਟੇ ਹਨ ਜਾਂ ਕੋਈ ਗੰਭੀਰ ਬਿਮਾਰੀ ਤੋਂ ਪੀੜਤ ਹੈ, ਉਸ ਕਰਮਚਾਰੀ ਦੀ ਚੋਣ ਡਿਊਟੀ ਪਹਿਲ ਦੇ ਅਧਾਰ ’ਤੇ ਕੱਟੀ ਜਾਵੇ। ਮਰਦਮ ਸ਼ੁਮਾਰੀ ਤੇ ਡਰੱਗ ਸੈਂਸਜ਼ ਵਿਚ ਲੱਗੇ ਅਧਿਆਪਕਾਂ ਨੂੰ ਸਕੂਲਾਂ ਤੋਂ ਫਾਰਗ ਕਰਵਾਇਆ ਜਾਵੇ ਤਾਂ ਜੋ ਇਹ ਕੰਮ ਸਮੇਂ ਸਿਰ ਪੂਰਾ ਹੋ ਸਕੇ। ਇਸ ਸਭ ’ਤੇ ਐੱਸਡੀਐੱਮ ਅਮਨਪਾਲ ਸਿੰਘ ਨੇ ਅਧਿਆਪਕਾਂ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਸੈਂਸਜ਼ ਡਿਊਟੀ ਲਈ ਅਧਿਆਪਕਾਂ ਨੂੰ ਫਾਰਗ਼ ਕਰਨ ਸਬੰਧੀ ਪੱਤਰ ਜਾਰੀ ਹੋ ਜਾਵੇਗਾ ਤੇ ਚੋਣ ਡਿਊਟੀ ਸਬੰਧੀ ਹਰ ਤਰ੍ਹਾਂ ਗੰਭੀਰ ਕੇਸਾਂ ’ਤੇ ਚੋਣ ਡਿਊਟੀ ਲਈ ਦੂਰੀ ਦਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਯਾਦਵਿੰਦਰ ਸਿੰਘ, ਸੁਖਨਿੰਦਰ ਸਿੰਘ, ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ ਠੱਟਾ, ਅਵਤਾਰ ਸਿੰਘ, ਪਰਦੀਪ ਸਿੰਘ ਟੋਨੀ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਅਧਿਆਪਕ ਹਾਜ਼ਰ ਸਨ।