ਬੰਗਾਲ ਤੋਂ ਪੁਡੂਚੇਰੀ ਤੱਕ ਸਿਰਫ਼ ਮੋਦੀ ਲਹਿਰ : ਆਸ਼ੂ ਸਾਂਪਲਾ
ਬੰਗਾਲ ਤੋਂ ਪੁਡੂਚੇਰੀ ਤੱਕ ਸਿਰਫ਼ ਮੋਦੀ ਲਹਿਰ, ਇਹ ਤਾਂ ਸਿਰਫ਼ ਸ਼ੁਰੂਆਤ ਹੈ: ਆਸ਼ੂ ਸਾਂਪਲਾ
Publish Date: Tue, 05 May 2026 09:06 PM (IST)
Updated Date: Tue, 05 May 2026 09:08 PM (IST)
ਫਗਵਾੜਾ : ਪੱਛਮੀ ਬੰਗਾਲ, ਅਸਾਮ ਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਸ਼ਾਨਦਾਰ ਤੇ ਇਤਿਹਾਸਕ ਪ੍ਰਦਰਸ਼ਨ ਦੀ ਗੂੰਜ ਫਗਵਾੜਾ ਵਿਚ ਵੀ ਜ਼ੋਰਦਾਰ ਢੰਗ ਨਾਲ ਸੁਣਾਈ ਦਿੱਤੀ। ਚੋਣ ਨਤੀਜਿਆਂ ਵਿਚ ਭਾਜਪਾ ਦੀ ਪ੍ਰਚੰਡ ਜਿੱਤ 'ਤੇ ਫਗਵਾੜਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਖੁਸ਼ੀ ਮਨਾਉਂਦੇ ਹੋਏ ਇਕ-ਦੂਜੇ ਨੂੰ ਲੱਡੂ ਵੰਡੇ ਤੇ ਜ਼ੋਰਦਾਰ ਜਸ਼ਨ ਮਨਾਇਆ। ਭਾਜਪਾ ਆਗੂ ਆਸ਼ੂ ਸਾਂਪਲਾ ਵੱਲੋਂ ਕਰਵਾਏ ਗਏ ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਵਰਕਰਾਂ ਦਾ ਉਤਸ਼ਾਹ ਦੇਖਣਯੋਗ ਸੀ ਤੇ ਸਾਰਿਆਂ ਨੇ ਇਸ ਜਿੱਤ ਨੂੰ ਇਤਿਹਾਸਕ ਕਰਾਰ ਦਿੱਤਾ।
ਇਸ ਜਸ਼ਨ ਦੌਰਾਨ ਭਾਜਪਾ ਆਗੂ ਆਸ਼ੂ ਸਾਂਪਲਾ ਨੇ ਵਰਕਰਾਂ ਦਾ ਉਤਸ਼ਾਹ ਵਧਾਉਂਦੇ ਹੋਏ ਵਿਰੋਧੀ ਧਿਰ 'ਤੇ ਤਿੱਖੇ ਨਿਸ਼ਾਨੇ ਸਾਧੇ। ਆਸ਼ੂ ਸਾਂਪਲਾ ਨੇ ਕਿਹਾ ਕਿ ਬੰਗਾਲ ਤੋਂ ਲੈ ਕੇ ਪੁਡੂਚੇਰੀ ਤੱਕ ਲਹਿਰਾਉਂਦਾ ਭਗਵਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਦੇਸ਼ ਦੀ ਜਨਤਾ ਸਿਰਫ਼ ਵਿਕਾਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ 'ਤੇ ਭਰੋਸਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜਾਂ ਵਿਚ ਪਾਰਟੀ ਦਾ ਇਹ ਬੇਮਿਸਾਲ ਪ੍ਰਦਰਸ਼ਨ ਪ੍ਰਧਾਨ ਮੰਤਰੀ ਦੇ 'ਸਬਕਾ ਸਾਥ, ਸਬਕਾ ਵਿਕਾਸ' ਦੇ ਸੰਕਲਪ ਤੇ ਵਰਕਰਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਸਾਂਪਲਾ ਨੇ ਜ਼ੋਰ ਦੇ ਕੇ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਨੇ ਜੋ ਵੱਡਾ ਜਨਾਧਾਰ ਹਾਸਲ ਕੀਤਾ ਹੈ, ਉਹ ਭਵਿੱਖ ਵਿਚ ਇਕ ਵੱਡੀ ਸਿਆਸੀ ਕ੍ਰਾਂਤੀ ਦਾ ਸੰਕੇਤ ਹੈ।
ਇਸ ਮੌਕੇ ਮੰਡਲ ਪ੍ਰਧਾਨ ਅਨੁਰਾਗ ਮਾਨਖੰਡ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜਾਂ ਦੇ ਚੋਣ ਨਤੀਜਿਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੂਰੇ ਦੇਸ਼ ਵਿਚ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦਾ ਡੰਕਾ ਵੱਜ ਰਿਹਾ ਹੈ। ਇਸ ਮੌਕੇ ਬਲਭੱਦਰ ਸੇਨ ਦੁੱਗਲ, ਤੇਜਸਵੀ ਭਾਰਦਵਾਜ, ਮਹਿੰਦਰ ਪਾਲ ਥਾਪਰ, ਕੀਮਤੀ ਸ਼ਰਮਾ, ਬਲਵਿੰਦਰ ਠਾਕੁਰ, ਅਸ਼ੋਕ ਸੇਠੀ, ਆਸ਼ੂ ਪੁਰੀ, ਅਸ਼ੋਕ ਦੁੱਗਲ, ਸੰਜੇ ਗਰੋਵਰ, ਪ੍ਰਮੋਦ ਮਿਸ਼ਰਾ, ਰਾਜਿੰਦਰ ਸੋਂਧੀ, ਰਮਨ ਨਹਿਰਾ, ਨਿਖਿਲ ਗੁਪਤਾ, ਲੋਕੇਸ਼ ਬਾਲੀ, ਰਾਕੇਸ਼ ਬਾਂਗਾ, ਦੀਪਕ ਮਲਹੋਤਰਾ, ਵਿਨਾਇਕ ਪਰਾਸ਼ਰ, ਸੰਦੀਪ ਵਰਮਾ, ਰਾਜ ਕੁਮਾਰ ਰਾਣਾ, ਡਾ. ਪਵਨ ਕੌਲ, ਸੁਰਿੰਦਰ ਜੌਰਡਨ, ਦੀਨਬੰਧੂ ਪਾਂਡੇ, ਵਿਸ਼ਾਲ ਵਾਲੀਆ, ਨਿਖਿਲ ਚੱਢਾ, ਸਿਧਾਰਥ ਰਾਜ, ਭਜਨ ਪਾਲ, ਹਰਸ਼ ਭੱਲਾ, ਅਨਿਰੁੱਧ ਕੁਮਰਾ, ਰਜਨੀਸ਼ ਥਾਪਰ, ਜਸਵਿੰਦਰ ਸ਼ੱਬਾ, ਸੁਨੀਲ ਜੌਰਡਨ, ਟਿੰਕਾ ਅਤੇ ਸ਼ਿਵ ਸ਼ਰਮਾ ਸਮੇਤ ਕਈ ਹੋਰ ਵਰਕਰ ਮੌਜੂਦ ਸਨ।