ਗਗਨਦੀਪ ਸਿੰਘ ਬਾਜਵਾ ਦੀ ਕਾਂਗਰਸ ’ਚ ਵਾਪਸੀ
ਸਾਬਕਾ ਬਲਾਕ ਸੰਮਤੀ ਮੈਂਬਰ ਗਗਨਦੀਪ ਸਿੰਘ ਬਾਜਵਾ ਦੀ ਕਾਂਗਰਸ ਵਿੱਚ ਵਾਪਸੀ
Publish Date: Tue, 19 May 2026 09:23 PM (IST)
Updated Date: Tue, 19 May 2026 09:25 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਦੀ ਸਿਆਸਤ ਵਿਚ ਉਸ ਵੇਲੇ ਵੱਡੀ ਚਰਚਾ ਛਿੜ ਗਈ ਜਦੋਂ ਰਾਣਾ ਧੜੇ ਨੂੰ ਵੱਡਾ ਝਟਕਾ ਦਿੰਦਿਆਂ ਸਾਬਕਾ ਬਲਾਕ ਸੰਮਤੀ ਮੈਂਬਰ ਗਗਨਦੀਪ ਸਿੰਘ ਬਾਜਵਾ ਨੇ ਮੁੜ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਉਨ੍ਹਾਂ ਨੇ ਕਾਂਗਰਸ ਵਿਚ ਘਰ ਵਾਪਸੀ ਕਰਦਿਆਂ ਕਿਹਾ ਕਿ ਲੋਕਾਂ ਦੀ ਅਸਲੀ ਸੇਵਾ ਤੇ ਹਲਕੇ ਦਾ ਵਿਕਾਸ ਸਿਰਫ਼ ਨਵਤੇਜ ਸਿੰਘ ਚੀਮਾ ਦੀ ਸੋਚ ਤੇ ਅਗਵਾਈ ਹੇਠ ਹੀ ਸੰਭਵ ਹੈ। ਗਗਨਦੀਪ ਸਿੰਘ ਬਾਜਵਾ ਨੇ ਕਿਹਾ ਕਿ ਕੁਝ ਮਨਮੁਟਾਵਾਂ ਤੇ ਗਲਤਫ਼ਹਿਮੀਆਂ ਕਾਰਨ ਉਹ ਕਾਂਗਰਸ ਤੋਂ ਦੂਰ ਹੋ ਕੇ ਰਾਣਾ ਧੜੇ ਨਾਲ ਚਲੇ ਗਏ ਸਨ, ਪਰ ਉੱਥੇ ਨਾ ਤਾਂ ਵਰਕਰਾਂ ਨੂੰ ਮਾਣ-ਸਤਿਕਾਰ ਮਿਲਿਆ ਤੇ ਨਾ ਹੀ ਲੋਕਾਂ ਦੇ ਕੰਮਾਂ ਨੂੰ ਪਹਿਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੋ ਆਪਣਾਪਣ, ਇੱਜ਼ਤ ਤੇ ਲੋਕ ਸੇਵਾ ਦਾ ਮਾਹੌਲ ਨਵਤੇਜ ਸਿੰਘ ਚੀਮਾ ਨਾਲ ਮਿਲਦਾ ਸੀ, ਉਹ ਕਿਸੇ ਹੋਰ ਧੜੇ ਵਿਚ ਕਦੇ ਮਹਿਸੂਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਕਿਉਂਕਿ ਮੌਜੂਦਾ ਵਿਧਾਇਕ ਜ਼ਿਆਦਾਤਰ ਸਮਾਂ ਹਲਕੇ ਤੋਂ ਬਾਹਰ ਰਹਿੰਦੇ ਹਨ ਤੇ ਲੋਕਾਂ ਦੇ ਦੁੱਖ-ਸੁੱਖ ਵਿਚ ਨਜ਼ਰ ਨਹੀਂ ਆਉਂਦੇ। ਇਸ ਕਰਕੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਬਾਜਵਾ ਨੇ ਕਿਹਾ ਕਿ ਜੇਕਰ ਹਲਕਾ ਸੁਲਤਾਨਪੁਰ ਲੋਧੀ ਨੂੰ ਮੁੜ ਤਰੱਕੀ ਤੇ ਵਿਕਾਸ ਦੀ ਲੀਹ ’ਤੇ ਲਿਆਉਣਾ ਹੈ ਤਾਂ ਸਾਰੇ ਕਾਂਗਰਸੀ ਵਰਕਰਾਂ ਨੂੰ ਇਕੱਠੇ ਹੋ ਕੇ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕੰਮ ਕਰਨਾ ਪਵੇਗਾ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਪਾਰਟੀ ਵਿਚ ਬਣਦਾ ਮਾਣ ਉਨ੍ਹਾਂ ਨੂੰ ਦਿੱਤਾ ਜਾਵੇਗਾ। ਇਸ ਮੌਕੇ ਰਮੇਸ਼ ਡਡਵਿੰਡੀ, ਮੋਨੂੰ ਭੰਡਾਰੀ, ਨਵ ਸੇਖੋਂ, ਸ਼ੱਬਾ, ਗੁਰਦੀਪ ਸਿੰਘ ਦੀਪਾ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।