ਰਾਤ ਦੀ ਖਾਮੋਸ਼ੀ 'ਚ 13 ਫਾਇਰ ! ਸਾਬਕਾ ਅਕਾਲੀ ਆਗੂ ਦੇ ਭਤੀਜੇ ਦੇ ਘਰ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, ਦਹਿਸ਼ਤ ਦਾ ਮਾਹੌਲ
Kapurthala News : ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਘਰ 'ਤੇ ਫਾਇਰਿੰਗ ਹੋਈ ਉਹ ਪਿੰਡ ਦੀ ਸਹਿਕਾਰੀ ਸਭਾ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਸਥਿਤ ਹੈ। ਘਟਨਾ ਸਥਾਨ ਨੇੜੇ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਪੁਲਿਸ ਨੂੰ ਹਮਲਾਵਰਾਂ ਦੀ ਪਛਾਣ ਕਰਨ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Publish Date: Fri, 09 Jan 2026 04:00 PM (IST)
Updated Date: Fri, 09 Jan 2026 05:08 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਪਿੰਡ ਲੱਖਣ ਕਲਾਂ 'ਚ ਬੀਤੀ ਦੇਰ ਰਾਤ ਇਕ ਕਿਸਾਨ ਦੇ ਘਰ 'ਤੇ ਅੰਨ੍ਹੇਵਾਹ ਫਾਇਰਿੰਗ ਦੀ ਘਟਨਾ ਵਾਪਰੀ। ਅਣਪਛਾਤੇ ਹਮਲਾਵਰਾਂ ਨੇ ਅਕਾਲੀ ਦਲ (ਅੰਮ੍ਰਿਤਸਰ) ਦੇ ਸਾਬਕਾ ਆਗੂ ਕਸ਼ਮੀਰ ਸਿੰਘ ਦੇ ਭਤੀਜੇ ਦਲਜੀਤ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ। ਰਾਤ 10 ਵਜੇ ਦੇ ਕਰੀਬ ਹੋਈ 13 ਰਾਉਂਡ ਫਾਇਰਿੰਗ ਨੇ ਪੂਰੇ ਇਲਾਕੇ 'ਚ ਦਹਿਸ਼ਤ ਫੈਲਾ ਦਿੱਤੀ। ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਮੌਕੇ ਤੋਂ 13 ਕਾਰਤੂਸ ਦੇ ਖੋਲ ਮਿਲੇ। ਡੀਐਸਪੀ ਸਬ-ਡਵੀਜ਼ਨ ਸ਼ੀਤਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਰਾਮਦ ਕੀਤੇ ਗਏ ਕੁਝ ਖੋਲ 30-ਬੋਰ ਅਤੇ 32-ਬੋਰ ਦੇ ਸਨ। ਜਾਂਚ ਅਨੁਸਾਰ ਕਿਸਾਨ, ਦਲਜੀਤ ਸਿੰਘ ਪੁੱਤਰ, ਗੁਰਮੁਖ ਸਿੰਘ, ਪਿੰਡ ਦੇ ਬਾਹਰ ਇਕ ਡੇਰੇ 'ਚ ਰਹਿੰਦਾ ਹੈ। ਫਾਇਰਿੰਗ ਦੌਰਾਨ ਕੁਝ ਗੋਲੀਆਂ ਘਰ ਦੇ ਮੁੱਖ ਗੇਟ ਅਤੇ ਕੰਧ 'ਤੇ ਲੱਗੀਆਂ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਘਰ 'ਤੇ ਫਾਇਰਿੰਗ ਹੋਈ ਉਹ ਪਿੰਡ ਦੀ ਸਹਿਕਾਰੀ ਸਭਾ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਸਥਿਤ ਹੈ। ਘਟਨਾ ਸਥਾਨ ਨੇੜੇ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਪੁਲਿਸ ਨੂੰ ਹਮਲਾਵਰਾਂ ਦੀ ਪਛਾਣ ਕਰਨ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਅਕਾਲੀ ਦਲ (ਮਾਨ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਸ਼ਮੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਭਤੀਜੇ ਦੇ ਘਰ 'ਤੇ ਹੋਈ ਫਾਇਰਿੰਗ ਚੋਣ ਰੰਜਿਸ਼ ਦਾ ਨਤੀਜਾ ਹੈ। ਫਿਲਹਾਲ, ਪੁਲਿਸ ਨੇ ਪੀੜਤ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਅਣਪਛਾਤੇ ਹਮਲਾਵਾਰਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ, ਪੁਰਾਣੀ ਰੰਜਿਸ਼ ਸਮੇਤ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਕੀਤੀ ਜਾ ਰਹੀ ਹੈ।