ਹੋਟਲ ਬੈਸਟ ਵੈਸਟਰਨ ਦੀ ਕਿਚਨ 'ਚ ਲੱਗੀ ਅੱਗ, 10 ਲੱਖ ਦਾ ਨੁਕਸਾਨ; ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਹੋਟਲ ਦੇ ਐਮਡੀ ਰਾਜਿੰਦਰ ਕੌੜਾ ਨੇ ਦੱਸਿਆ ਕਿ ਸਵੇਰੇ ਕਰੀਬ 10:30 ਵਜੇ ਕਿਚਨ ਦੀ ਚਿਮਨੀ 'ਚ ਸਪਾਰਕਿੰਗ ਤੋਂ ਬਾਅਦ ਅਚਾਨਕ ਅੱਗ ਲੱਗ ਗਈ। ਮੁਲਾਜ਼ਮਾਂ ਵੱਲੋਂ ਹੋਟਲ 'ਚ ਲੱਗੇ ਫਾਇਰ ਸੇਫਟੀ ਉਪਕਰਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਵੀ ਦਿੱਤੀ ਗਈ।
Publish Date: Wed, 22 Apr 2026 03:47 PM (IST)
Updated Date: Wed, 22 Apr 2026 03:49 PM (IST)
ਜਾਗਰਣ ਸੰਵਾਦਦਾਤਾ, ਕਪੂਰਥਲਾ : ਬੁੱਧਵਾਰ ਸਵੇਰੇ ਸੁਲਤਾਨਪੁਰ ਲੋਧੀ ਰੋਡ ਸਥਿਤ ਬੈਸਟ ਵੈਸਟਰਨ ਹੋਟਲ ਦੀ ਕਿਚਨ (ਰਸੋਈ) 'ਚ ਅਚਾਨਕ ਅੱਗ ਲੱਗਣ ਨਾਲ ਤਰਥੱਲੀ ਮਚ ਗਈ। ਹਾਦਸੇ 'ਚ ਕਰੀਬ 10 ਲੱਖ ਰੁਪਏ ਤੋਂ ਵੱਧ ਦੇ ਸਾਮਾਨ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ। ਫਾਇਰ ਅਫ਼ਸਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ 11 ਮੈਂਬਰੀ ਟੀਮ ਨੇ 3 ਗੱਡੀਆਂ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਫਾਇਰ ਵਿਭਾਗ ਅਨੁਸਾਰ ਸਵੇਰੇ ਕਰੀਬ 10:40 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਮੁਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਕਿਚਨ ਦੀ ਚਿਮਨੀ ਵਿੱਚ ਹੋਈ ਸਪਾਰਕਿੰਗ ਨੂੰ ਮੰਨਿਆ ਜਾ ਰਿਹਾ ਹੈ।
ਹੋਟਲ ਦੇ ਐਮਡੀ ਰਾਜਿੰਦਰ ਕੌੜਾ ਨੇ ਦੱਸਿਆ ਕਿ ਸਵੇਰੇ ਕਰੀਬ 10:30 ਵਜੇ ਕਿਚਨ ਦੀ ਚਿਮਨੀ 'ਚ ਸਪਾਰਕਿੰਗ ਤੋਂ ਬਾਅਦ ਅਚਾਨਕ ਅੱਗ ਲੱਗ ਗਈ। ਮੁਲਾਜ਼ਮਾਂ ਵੱਲੋਂ ਹੋਟਲ 'ਚ ਲੱਗੇ ਫਾਇਰ ਸੇਫਟੀ ਉਪਕਰਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਹੋਟਲ ਨੂੰ ਕਰੀਬ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।