4161 ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਨੋਟਿਸ ਦੀ ਫੈਡਰੇਸ਼ਨ ਕਰਦੀ ਹੈ ਸਿੱਖਿਆ ਵਿਭਾਗ ਦੀ ਸਖ਼ਤ ਨਿੰਦਿਆ। ਟੂਰਾ
4161 ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਨੋਟਿਸ ਦੀ ਫੈਡਰੇਸ਼ਨ ਕਰਦੀ ਹੈ ਸਿੱਖਿਆ ਵਿਭਾਗ ਦੀ ਸਖ਼ਤ ਨਿੰਦਿਆ। ਟੂਰਾ
Publish Date: Fri, 08 May 2026 07:00 PM (IST)
Updated Date: Fri, 08 May 2026 07:02 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗਜ਼ਟਿਡ ਤੇ ਨਾਨ ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ ਦੀ ਅਗਵਾਈ ਵਿਚ ਮਨਜੀਤ ਗਾਟ ਜ਼ਿਲ੍ਹਾ ਵਿੱਤ ਸਕੱਤਰ, ਲਖਵੀਰ ਚੰਦ ਜ਼ਿਲ੍ਹਾ ਜਨਰਲ ਸਕੱਤਰ, ਸੰਤੋਖ ਸਿੰਘ ਮੱਲ੍ਹੀ, ਬਲਵਿੰਦਰ ਨਿਧੜਕ, ਵਿਨੋਦ ਕੁਮਾਰ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਗਪਗ ਤਿੰਨ ਸਾਲ ਪਹਿਲਾਂ 4161 ਅਸਾਮੀਆਂ ਅਧੀਨ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਨ। ਇਨ੍ਹਾਂ ਅਧਿਆਪਕਾਂ ਨੂੰ ਹੁਣ ਨੌਕਰੀ ਤੋਂ ਕੱਢਣ ਦੇ ਨੋਟਿਸ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕਰਦੇ ਹੋਏ ਫੈੱਡਰੇਸ਼ਨ ਨੇ ਇਸ ਦੀ ਘੋਰ ਨਿੰਦਿਆ ਕੀਤੀ। ਜ਼ਿਕਰਯੋਗ ਹੈ ਕਿ 4161 ਅਧਿਆਪਕਾਂ ਦੀ ਭਰਤੀ ਵਿਚ ਇਨ੍ਹਾਂ ਉਮੀਦਵਾਰਾਂ ਨੂੰ ਕੋਰਟ ਕੇਸ ਤੋਂ ਬਾਅਦ ਮੈਰਿਟ ਸੂਚੀ ਵਿਚ ਵਧੇ ਅੰਕਾਂ ਦੇ ਕਾਰਨ ਨੌਕਰੀ ਦੇ ਨਿਯੁਕਤੀ ਪੱਤਰ ਮਿਲੇ ਸਨ। ਇਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਤਿੰਨ ਸਾਲ ਕੰਮ ਕਰਦਿਆਂ ਨੂੰ ਹੋ ਚੁੱਕੇ ਹਨ ਤੇ ਇਹ ਸਾਰੇ ਅਧਿਆਪਕ ਬੜੀ ਹੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਦਾ ਪਰਖਕਾਲ ਪੂਰਾ ਹੋਣ ਤੋਂ ਕੇਵਲ ਇਕ ਦਿਨ ਪਹਿਲਾਂ ਸਿੱਖਿਆ ਵਿਭਾਗ ਨੇ ਬਹੁਤ ਸਾਰੇ ਅਧਿਆਪਕਾਂ ਨੂੰ ਇਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਮੈਰਿਟ ਸੂਚੀ ਨੂੰ ਰੀਕਾਸਟ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਗੱਲ ਆਖੀ ਗਈ ਹੈ ਤੇ ਆਪਣਾ ਪੱਖ ਰੱਖਣ ਲਈ ਸਿਰਫ 21 ਦਿਨ ਦਾ ਸਮਾਂ ਦਿੱਤਾ ਗਿਆ। ਇਸ ਨੋਟਿਸ ਕਾਰਨ ਅਧਿਆਪਕਾਂ ਤੇ ਇਨ੍ਹਾਂ ਦੇ ਘਰਾਂ ਵਿਚ ਦੁੱਖ ਤੇ ਨਿਰਾਸ਼ਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਵਿਭਾਗ ਵੱਲੋਂ ਪਹਿਲਾਂ ਬਣਾਈਆਂ ਮੈਰਿਟ ਸੂਚੀਆਂ ਨੂੰ ਰੀਕਾਸਟ ਕਰਕੇ ਮੈਰਿਟ ਅੰਕ ਘਟਾਏ ਜਾਣ ਕਰਕੇ ਲਗਭਗ 300 ਅਧਿਆਪਕਾਂ ਨੂੰ ਨੋਟਿਸ ਜਾਰੀ ਕਰਨ ਨਾਲ ਅਧਿਆਪਕਾਂ ਵਿਚ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਪ੍ਰਤੀ ਸਖ਼ਤ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਮੈਰਿਟ ਸੂਚੀਆਂ ਵਿਭਾਗ ਦੇ ਭਰਤੀ ਸੈੱਲ ਵੱਲੋਂ ਹੀ ਤਿਆਰ ਕੀਤੀਆਂ ਜਾਂਦੀਆਂ ਹਨ। ਜੋ ਪਹਿਲਾਂ ਮੈਰਿਟ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਅਨੁਸਾਰ ਹੀ ਸਿੱਖਿਆ ਵਿਭਾਗ ਵੱਲੋਂ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। ਹੁਣ ਤਿੰਨ ਸਾਲ ਬਾਅਦ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਤੇ ਕੋਰਟ ਦੇ ਨਿਯਮਾਂ ਦਾ ਹਵਾਲਾ ਦੇ ਕੇ ਨੋਟਿਸ ਜਾਰੀ ਕਰਨ ਦੀ ਬਜਾਏ, ਇਮਾਨਦਾਰੀ ਨਾਲ ਕੰਮ ਕਰ ਰਹੇ ਇਨ੍ਹਾਂ ਅਧਿਆਪਕਾਂ ਨੂੰ ਕੁਦਰਤੀ ਨਿਆਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਵਿਭਾਗ ਜਾਰੀ ਕੀਤੇ ਨੋਟਿਸ ਨੂੰ ਹਮਦਰਦੀ ਨਾਲ ਵਿਚਾਰਦੇ ਹੋਏ ਵਾਪਸ ਲਵੇ ਕਿਉਂਕਿ ਸਿੱਖਿਆ ਵਿਭਾਗ ਵਿਚ ਇਨ੍ਹਾਂ ਸਾਲਾਂ ਵਿਚ ਧੜਾਧੜ ਸੇਵਾ ਮੁਕਤੀਆਂ ਕਾਰਨ ਹਜ਼ਾਰਾਂ ਹੀ ਪੋਸਟਾਂ ਪਹਿਲਾਂ ਹੀ ਖਾਲੀ ਪਈਆਂ ਹਨ ਤੇ ਹੋਰ ਖਾਲੀ ਹੋ ਰਹੀਆਂ ਹਨ। ਫੈੱਡਰੇਸ਼ਨ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ 4161 ਅਸਾਮੀਆਂ ਅਧੀਨ ਭਰਤੀ ਅਧਿਆਪਕਾਂ, ਜਿਨ੍ਹਾਂ ਵਿਚੋਂ 300 ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਹਨ, ਉਹ ਤੁਰੰਤ ਵਾਪਸ ਲਏ ਜਾਣ ਤੇ ਇਨ੍ਹਾਂ ਅਧਿਆਪਕਾਂ ਨੂੰ ਖਾਲੀ ਪੋਸਟਾਂ ਉੱਪਰ ਐੱਡਜਸਟ ਕਰਨ ਨਹੀਂ ਤਾਂ ਇਨ੍ਹਾਂ ਅਧਿਆਪਕਾਂ ਨੂੰ ਮਜ਼ਬੂਰਨ ਕੋਰਟ ਦਾ ਸਹਾਰਾ ਲੈਣਾ ਪਵੇਗਾ ਜਾਂ ਫਿਰ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਣਾ ਪਵੇਗਾ। ਮਨਜੀਤ ਗਾਟ ਤੇ ਲਖਵੀਰ ਚੰਦ ਨੇ ਕਿਹਾ ਕਿ ਜੇਕਰ ਪਹਿਲਾਂ ਹੀ ਭਰਤੀ ਪ੍ਰਕਿਰਿਆ ਨੂੰ ਠੀਕ ਤਰੀਕੇ ਨਾਲ ਨੇਪਰੇ ਚਾੜ੍ਹਿਆ ਗਿਆ ਹੁੰਦਾ ਤਾਂ ਇਸ ਤਰ੍ਹਾਂ ਦੀ ਸਥਿਤੀ ਪੈਦਾ ਨਹੀਂ ਹੋਣੀ ਸੀ। ਫੈੱਡਰੇਸ਼ਨ ਵੱਲੋਂ ਇਨ੍ਹਾਂ ਪ੍ਰਭਾਵਿਤ ਅਧਿਆਪਕਾਂ ਨੂੰ ਪੂਰਨ ਸਮਰਥਨ ਦੇਣ ਤੇ ਹਰ ਤਰ੍ਹਾਂ ਦੇ ਸੰਘਰਸ਼ ਵਿਚ ਇਨ੍ਹਾਂ ਅਧਿਆਪਕਾਂ ਦਾ ਸਾਥ ਦੇਣ ਦੀ ਗੱਲ ਆਖੀ ਗਈ। ਇਸ ਮੌਕੇ ਅਸ਼ੋਕ ਕੁਮਾਰ, ਸੁਖਦੇਵ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ, ਪਵਨ ਕੁਮਾਰ, ਜਸਵੀਰ ਲਾਲ, ਰਾਮਪਾਲ,ਮਨਰਾਜ ਕੌਰ, ਅਮਨਦੀਪ ਕੌਰ ਤੇ ਬਹੁਤ ਸਾਰੇ ਅਧਿਆਪਕ ਹਾਜ਼ਰ ਸਨ।