ਫਗਵਾੜਾ ’ਚ ਆਵਾਰਾ ਕੁੱਤਿਆਂ ਦਾ ਖੌਫ਼
ਫਗਵਾੜਾ ਵਿੱਚ ਆਵਾਰਾ ਕੁੱਤਿਆਂ ਦਾ ਖੌਫ਼, ਰੋਜ਼ਾਨਾ ਵੱਢਣ ਦੇ ਕੇਸ ਆ ਰਹੇ ਸਾਹਮਣੇ
Publish Date: Tue, 19 May 2026 07:06 PM (IST)
Updated Date: Tue, 19 May 2026 07:09 PM (IST)

ਰੋਜ਼ਾਨਾ ਵੱਢਣ ਦੇ ਕੇਸ ਆ ਰਹੇ ਸਾਹਮਣੇ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਵਿਚ ਆਵਾਰਾ ਕੁੱਤਿਆਂ ਦਾ ਖੌਫ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰੋਜ਼ਾਨਾ ਇਕ ਤੋਂ ਦੋ ਲੋਕਾਂ ਨੂੰ ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਗਲੀਆਂ ਤੇ ਮੁੱਖ ਸੜਕਾਂ ’ਤੇ ਆਵਾਰਾ ਕੁੱਤਿਆਂ ਦੇ ਝੁੰਡ ਘੁੰਮਦੇ ਰਹਿੰਦੇ ਹਨ, ਜੋ ਰਾਹਗੀਰਾਂ, ਬੱਚਿਆਂ ਤੇ ਦੋਪਹੀਆ ਵਾਹਨ ਚਾਲਕਾਂ ’ਤੇ ਅਚਾਨਕ ਹਮਲਾ ਕਰਦੇ ਹਨ। ਕਈ ਲੋਕ ਇਲਾਜ ਲਈ ਸਿਵਲ ਹਸਪਤਾਲ ਪਹੁੰਚ ਰਹੇ ਹਨ। ਆਵਾਰਾ ਕੁੱਤਿਆਂ ਤੋਂ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ, ਸਾਬਕਾ ਸਰਪੰਚ ਪਿੰਡ ਵਜੀਦੋਵਾਲ ਓਮ ਪ੍ਰਕਾਸ ਨੇ ਕਿਹਾ ਕਿ ਜਿਵੇਂ ਫਿਰੋਜ਼ਪੁਰ ਵਿਚ ਆਵਾਰਾ ਕੁੱਤਿਆਂ ਨੂੰ ਸੜਕਾਂ ’ਤੇ ਖਾਣਾ ਖਿਲਾਉਣ ਵਾਲਿਆਂ ਖ਼ਿਲਾਫ਼ ਮਾਮਲੇ ਦਰਜ ਕਰਨ ਦੀ ਕਾਰਵਾਈ ਕੀਤੀ ਗਈ ਸੀ, ਉਸੇ ਤਰ੍ਹਾਂ ਫਗਵਾੜਾ ਵਿਚ ਵੀ ਨਿਯਮ ਬਣਾਕੇ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਜੇਕਰ ਕੋਈ ਵਿਅਕਤੀ ਸੋਸਾਇਟੀ ਦੇ ਪਬਲਿਕ ਏਰੀਆ ਵਿਚ ਕੁੱਤਿਆਂ ਨੂੰ ਖਾਣਾ ਖਿਲਾਉਂਦਾ ਹੈ ਤੇ ਉਸ ਤੋਂ ਬਾਅਦ ਉਹ ਕੁੱਤਾ ਕਿਸੇ ਰਹਿਣ ਵਾਲੇ ਨੂੰ ਵੱਢ ਲੈਂਦਾ ਹੈ, ਤਾਂ ਖਾਣਾ ਖਿਲਾਉਣ ਵਾਲੇ ਵਿਅਕਤੀ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਆਵਾਰਾ ਕੁੱਤਿਆਂ ਨੂੰ ਇਕ ਹੀ ਥਾਂ ‘ਤੇ ਖਾਣਾ ਮਿਲਣ ਕਾਰਨ ਉਨ੍ਹਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ, ਜਿਸ ਨਾਲ ਬੱਚਿਆਂ, ਬਜ਼ੁਰਗਾਂ ਤੇ ਹੋਰ ਰਹਿਣ ਵਾਲਿਆਂ ਲਈ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਮਨਾਹੀ ਦੇ ਬਾਵਜੂਦ ਕੁੱਤਿਆਂ ਨੂੰ ਖਾਣਾ ਖਿਲਾਉਂਦਾ ਪਾਇਆ ਜਾਵੇ ਤਾਂ ਪਹਿਲਾਂ ਚੇਤਾਵਨੀ ਦਿੱਤੀ ਜਾਵੇ। ਨਿਯਮਾਂ ਦੀ ਉਲੰਘਣਾ ਜਾਰੀ ਰਹਿਣ ‘ਤੇ ਜੁਰਮਾਨਾ ਜਾਂ ਪੁਲਿਸ ਕਾਰਵਾਈ ਕੀਤੀ ਜਾਵੇ। ਚਰਨਜੀਤ ਸਿੰਘ ਖਾਲਸਾ, ਓਮ ਪ੍ਰਕਾਸ ਨੇ ਕਿਹਾ ਕਿ ਫਿਰੋਜ਼ਪੁਰ ਵਿਚ ਇਕ ਮਹਿਲਾ ਨੂੰ ਆਵਾਰਾ ਕੁੱਤੇ ਵੱਲੋਂ ਵੱਢਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਕੁੱਤਿਆਂ ਨੂੰ ਖਾਣਾ ਖਿਲਾਉਣ ਵਾਲੇ ਇਕ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕੀਤਾ। ਇਸੇ ਤਰਾਂ ਫਗਵਾੜਾ ਵਿਚ ਵੀ ਹੋਣਾ ਚਾਹੀਦਾ ਹੈ ਤਾਂ ਜੋ ਆਵਾਰਾ ਕੁੱਤਿਆਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਨੇ ਨਗਰ ਨਿਗਮ ਤੋਂ ਵੀ ਮੰਗ ਕੀਤੀ ਕਿ ਆਵਾਰਾ ਕੁਤਿਆ ਦਾ ਕੋਈ ਠੋਸ ਹੱਲ ਕੀਤਾ ਜਾਵੇ।