ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮਿਲੇਗਾ 1500 ਰੁਪਏ ਪ੍ਰਤੀ ਏਕੜ : ਡੀਸੀ
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਮਿਲੇਗੀ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ : ਡਿਪਟੀ ਕਮਿਸ਼ਨਰ
Publish Date: Tue, 28 Apr 2026 09:01 PM (IST)
Updated Date: Tue, 28 Apr 2026 09:04 PM (IST)

--10 ਮਈ ਤੋਂ ਵਿਭਾਗ ਦੇ ਪੋਰਟਲ ‘ਤੇ ਰਜਿਸਟਰੇਸ਼ਨ ਸ਼ੁਰੂ ਹੋਵੇਗੀ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ, ਜਿਸ ਲਈ ਰਜਿਸਟਰੇਸ਼ਨ 10 ਮਈ ਤੋਂ ਵਿਭਾਗ ਦੇ ਪੋਰਟਲ ‘ਤੇ ਸ਼ੁਰੂ ਹੋਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ 10 ਮਈ ਤੋਂ ਵਿਭਾਗ ਦੇ ਪੋਰਟਲ https://testagrisubsidy.agrimachinerypb.com/#/dsr-registration ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਦੌਰਾਨ ਕਿਸਾਨਾਂ ਨੂੰ ਆਪਣਾ ਆਧਾਰ ਨੰਬਰ ਭਰਨਾ ਹੋਵੇਗਾ ਤੇ ਉਨ੍ਹਾਂ ਦੀ ਨਿੱਜੀ ਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ/ਈ-ਮੰਡੀਕਰਨ ਪੋਰਟਲ ਅਨੁਸਾਰ ਹੀ ਪ੍ਰਾਪਤ ਕੀਤੀ ਜਾਵੇਗੀ। ਕਿਸਾਨਾਂ ਨੂੰ ਸਿਰਫ਼ ਆਪਣੀ ਸਿੱਧੀ ਬਿਜਾਈ ਅਧੀਨ ਰਕਬੇ, ਜ਼ਿਲ੍ਹਾ, ਤਹਿਸੀਲ, ਪਿੰਡ ਤੇ ਖੇਵਟ/ਖਸਰਾ ਨੰਬਰ ਸਬੰਧੀ ਵੇਰਵੇ ਦੇਣੇ ਹੋਣਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ ਵਿਭਾਗੀ ਟੀਮਾਂ ਵੱਲੋਂ 15 ਜੁਲਾਈ ਤੋਂ 15 ਅਗਸਤ ਤੱਕ ਖੇਤਾਂ ਵਿਚ ਜਾ ਕੇ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਬਚਤ ਲਈ ਵੱਧ ਤੋਂ ਵੱਧ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ। ਵਧੇਰੇ ਜਾਣਕਾਰੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 97814-11660 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।