ਰੋਜ਼ਾਨਾ ਇਕ ਘੰਟਾ ਕਸਰਤ ਕਰਨ ਨਾਲ ਦਿਲ ਹੁੰਦਾ ਹੈ ਮਜ਼ਬੂਤ : ਡਾ. ਅਗਰਵਾਲ
ਰੋਜਾਨਾ ਇਕ ਘੰਟਾ ਕਸਰਤ ਕਰਨ ਨਾਲ ਦਿਲ ਹੁੰਦਾ ਹੈ ਮਜਬੂਤ,ਡਾ: ਅਗਰਵਾਲ
Publish Date: Thu, 21 May 2026 07:13 PM (IST)
Updated Date: Thu, 21 May 2026 07:16 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਦਿਲ ਦਾ ਦੌਰਾ ਇਕ ਗੰਭੀਰ ਸਥਿਤੀ ਹੈ, ਜੋ ਉਦੋਂ ਵਾਪਰਦਾ ਹੈ ਜਦੋਂ ਦਿਲ ਦੀਆਂ ਮਾਸਪੇਸ਼ੀਆਂ ਵਿਚ ਖੂਨ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ ਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਅਚਾਨਕ ਜ਼ਿਆਦਾ ਖੂਨ ਪਹੁੰਚਦਾ ਹੈ। ਬੀਤੇ ਸਮੇਂ ਵਿਚ 40 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਦਿਲ ਦਾ ਦੌਰਾ ਬਹੁਤ ਅਸਾਧਾਰਨ ਸੀ ਪਰ ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਹਰ ਪੰਜ ਦਿਲ ਦਾ ਦੌਰਾ ਪੈਣ ਵਾਲੇ ਵਿਅਕਤੀਆਂ ਵਿਚੋਂ ਦੋ ਦੀ ਉਮਰ 40 ਸਾਲ ਤੋਂ ਘੱਟ ਮੰਨੀ ਜਾ ਰਹੀ ਹੈ। ਨੌਜਵਾਨਾਂ ਨੂੰ ਹਾਰਟ ਅਟੈਕ ਹੋਣ ਦੀ ਸ਼ੁਰੂਆਤ 2000 ਤੋਂ 2016 ਸਾਲਾਂ ਦੇ ਵਿਚਕਾਰ ਸ਼ੁਰੂ ਹੋਈ ਜੋ ਕਿ 026 ਆਉਂਦੇ ਸਾਰ ਬਹੁਤ ਵੱਧ ਗਈ ਹੈ। ਨੌਜਵਾਨਾਂ ’ਚ ਵੱਧ ਦਿਲ ਦੇ ਦੌਰੇ ਦਾ ਕਾਰਨ ਮਾੜੀ ਜੀਵਨ ਸ਼ੈਲੀ, ਤਣਾਅ, ਜ਼ਿਆਦਾ ਭਾਰ, ਸ਼ੂਗਰ, ਸਿਗਰਟਨੋਸ਼ੀ, ਮੋਟਾਪਾ, ਸਰੀਰਕ ਗਤੀਵਿਧੀ ਦੀ ਕਮੀ ਕਾਰਨ ਨੌਜਵਾਨਾਂ ਵਿਚ ਦਿਲ ਦੀ ਬਿਮਾਰੀ ਦਾ ਚਲਨ ਹੌਲੀ-ਹੌਲੀ ਬਹੁਤ ਜ਼ਿਆਦਾ ਵਧ ਚੁਕਾ ਹੈ। ਮੋਟਾਪੇ ਜਾਂ ਹੋਰ ਕਾਰਨਾਂ ਕਾਰਨ ਜਦੋਂ ਖੂਨ ਲੈ ਕੇ ਜਾਣ ਵਾਲੀਆਂ ਧਮਨੀਆਂ ਬੰਦ ਹੋ ਜਾਂਦੀਆਂ ਹਨ ਤਾਂ ਖ਼ੂਨ ਦੇ ਪ੍ਰਭਾਵ ਵਿਚ ਵਿਘਨ ਪਾਉਣ ਲਗਦੀਆਂ ਹਨ। ਨਤੀਜੇ ਵਜੋਂ ਦਿਲ ਦਾ ਦੌਰਾ ਪੈਂਦਾ ਹੈ। ਦਿਲ ਦੀਆਂ ਬਿਮਾਰੀਆਂ ਦੀ ਜਲਦੀ ਜਾਂਚ ਕਰਵਾਉਣ ਨਾਲ ਲੰਬੇ ਸਮੇਂ ਤੱਕ ਮਜ਼ਬੂਤ ਰਹਿਣ ਲਈ ਮਦਦ ਮਿਲਦੀ ਹੈ। ਛੋਟੀ ਉਮਰ ਵਿਚ ਹੀ ਦਿਲ ਦੇ ਦੌਰੇ ਦੇ ਜ਼ੋਖ਼ਮ ਨੂੰ ਵੀ ਤੁਰੰਤ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ। ਭੋਜਨ ਫਾਈਬਰ ਨਾਲ ਭਰਪੂਰ ਸੰਤੁਲਿਤ ਭੋਜਨ ਖਾਓ, ਸੋਡੀਅਮ ਤੇ ਨਮਕ ਦੀ ਖਪਤ ਘਟਾਓ, ਪੈਕ ਕੀਤੇ ਭੋਜਨ ਤੋਂ ਪ੍ਰਹੇਜ਼ ਕਰੋ, ਜੰਕ ਫੂਡ ਦਾ ਇਸਤੇਮਾਲ ਬੰਦ ਕਰੋ। ਆਪਣੇ ਬਲੱਡ ਸ਼ੂਗਰ ਪੱਧਰ ਤੇ ਬਲੱਡ ਪ੍ਰੈਸ਼ਰ ਦੇ ਪੱਧਰ ਦੀ ਨਿਗਰਾਨੀ ਜਾਰੀ ਰੱਖੋ। ਸਿਗਰਟਨੋਸ਼ੀ ਨਹੀਂ ਕਰਨੀ ਚਾਹੀਦੀ ਤੇ ਸੈਕਿੰਡ ਹੈਂਡ ਧੂੰਏ ਨੂੰ ਸਾਹ ’ਚ ਲੈਣ ਤੋਂ ਬਚਣਾ ਚਾਹੀਦਾ ਹੈ। ਸਰਗਰਮ ਜੀਵਨਸ਼ੈਲੀ, ਥੋੜ੍ਹੀ ਜਿਹੀ ਚੌਕਸੀ ਸੰਭਾਲ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਹਾਰਟ ਅਟੈਕ ਦੇ ਮਾਮਲਿਆਂ ਕਾਰਨ ਚਿੰਤਾ ਵਧੀ ਦਿਲ ਦੀਆਂ ਬਿਮਾਰੀਆਂ ਦੇ ਮਸ਼ਹੂਰ ਡਾਕਟਰ ਰਾਜੀਵ ਅਗਰਵਾਲ, ਅਗਰਵਾਲ ਹਸਪਤਾਲ ਨੇ ਦਸਿਆ ਕਿ ਰੋਜ਼ਾਨਾ ਵਧ ਰਹੇ ਹਾਰਟ ਅਟੈਕ ਦੇ ਮਾਮਲਿਆਂ ਕਾਰਨ ਮਾਪਿਆਂ ਦੀ ਚਿੰਤਾ ਵਿਚ ਜ਼ਰੂਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਇਕ ਸਮਾਂ ਸੀ ਜਦੋਂ ਕਦੇ ਕਿਤੇ ਕਿਸੇ ਬਜ਼ੁਰਗ ਨੂੰ ਵੀ ਹਾਰਟ ਅਟੈਕ ਹੋਣ ਦੀ ਸੂਚਨਾ ਪ੍ਰਾਪਤ ਹੁੰਦੀ ਸੀ। ਪਰ ਅੱਜ ਦੇ ਹਲਾਤਾਂ ਬਾਰੇ ਝਾਤ ਮਾਰੀਏ ਤਾਂ 20 ਤੋਂ 22 ਸਾਲ ਦੇ ਨੌਜਵਾਨਾਂ ਨੂੰ ਵੀ ਹਾਰਟਅਟੈਕ ਦੀ ਸਮੱਸਿਆ ਹੋ ਰਹੀ ਹੈ। ਬੈਠੇ ਬਿਠਾਏ ਨੌਜਵਾਨ ਡਿਗ ਰਹੇ ਹਨ। ਜਿੰਮ ਵਿਚ ਕਸਰਤ ਕਰਦੇ ਨੌਜਵਾਨਾਂ ਨੂੰ ਅਟੈਕ ਹੋ ਰਿਹਾ ਹੈ। ਕਿਤੇ ਨਾ ਕਿਤੇ ਮਾਪਿਆਂ ਦੇ ਨਾਲ-ਨਾਲ ਸਰਕਾਰਾਂ ਨੂੰ ਵੀ ਇਸ ਵੱਲ ਗੰਭੀਰਤਾ ਨਾਲ ਝਾਤੀ ਮਾਰਨੀ ਚਾਹੀਦੀ ਹੈ ਕਿ ਅਜਿਹਾ ਕਿਉਂ ਹੋਣ ਲੱਗਾ ਹੈ। ਨੌਜਵਾਨ ਕਿਸੇ ਵੀ ਸਮਾਜ ਦੀ ਰੀੜ ਦੀ ਹੱਡੀ ਹਨ ਜੇਕਰ ਉਹ ਵੀ ਹਾਰਟ ਅਟੈਕ ਦੀ ਸਮੱਸਿਆ ਨਾਲ ਘਿਰ ਜਾਣਗੇ ਤਾਂ ਬਹੁਤ ਹੀ ਗੰਭੀਰ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ਵਿਚ ਬਜ਼ੁਰਗ ਬਹੁਤ ਸਾਰਾ ਦੇਸੀ ਘਿਓ ਤੱਕ ਪੀ ਜਾਂਦੇ ਸਨ। ਪਰ ਉਨ੍ਹਾਂ ਨੂੰ ਕੁਝ ਨਹੀਂ ਸੀ ਹੁੰਦਾ, ਜਿਸ ਦਾ ਕਾਰਨ ਸਖਤ ਮਿਹਨਤ ਸੀ। ਸਾਡਾ ਸਰੀਰ ਵੀ ਇਕ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਹੈ। ਜਦੋਂ ਅਸੀਂ ਮਸ਼ੀਨ ਅੰਦਰ ਖਾਣਾ ਸੁੱਟੀ ਜਾਵਾਂਗੇ ਤੇ ਅੰਦਰ ਜੰਗਾਲ ਲੱਗ ਜਾਵੇਗਾ। ਕਹਿਣ ਤੋਂ ਭਾਵ ਹੈ ਸ਼ਰੀਰ ਦੀਆਂ ਨਸਾਂ ਬਲੌਕ ਹੋਣ ਲੱਗਣਗੀਆਂ। ਨਸਾਂ ਬਲੌਕ ਹੋਣ ਕਾਰਣ ਦਿਲ ਨੂੰ ਖੂਨ ਦੀ ਆਵਾਜਾਈ ਵਿੱਚ ਰੁਕਾਵਟ ਆ ਜਾਵੇਗੀ। ਜਿਸ ਕਾਰਣ ਹਾਰਟ ਅਟੈਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜਕਲ ਨੌਜਵਾਨ ਜੰਕ ਫੂਡ ਜ਼ਿਆਦਾ ਪਸੰਦ ਕਰਦੇ ਹਨ। ਜੰਕ ਫੂਡ ਨਾ ਪਚਣ ਕਾਰਨ ਸਰੀਰ ਦੀਆਂ ਨਸਾਂ ਵਿਚ ਚਰਬੀ ਜਮ੍ਹਾ ਹੋ ਜਾਂਦੀ ਹੈ। ਜਿਸ ਨਾਲ ਖੂਨ ਦੇ ਵਹਾਓ ਵਿਚ ਰੁਕਾਵਟ ਆਉਣ ਲੱਗਦੀ ਹੈ। ਦੂਜਾ ਕਾਰਨ ਨੌਜਵਾਨ ਜਿੰਮ ਜਾਣ ਸਮੇਂ ਹੈਵੀ ਡਾਇਟ ਦਾ ਇਸਤੇਮਾਲ ਕਰਦੇ ਹਨ ਪਰ ਕਸਰਤ ਜ਼ਿਆਦਾ ਨਹੀ ਕਰਦੇ ਜਿਸ ਕਾਰਣ ਵੀ ਹਾਰਟ ਅਟੈਕ ਹੋ ਸਕਦਾ ਹੈ। ਹਾਰਟ ਅਟੈਕ ਦੇ ਲੱਛਣ ਪੇਟ ਦੇ ੳਪਰਲੇ ਹਿੱਸੇ ਵਿਚ ਦਰਦ, ਸਾਹ ਲੈਣ ਵਿਚ ਤਕਲੀਫ, ਪੈਰਾਂ ਵਿਚ ਸੋਜ਼ਿਸ਼ ਆਦਿ ਹੋਵੇ ਤਾਂ ਤੁਰੰਤ ਆਪਣੇ ਨਜ਼ਦੀਕੀ ਹਾਰਟ ਸਪੈਸ਼ਲਿਸ਼ਟ ਨਾਲ ਸੰਪਰਕ ਕਰੋ। ਹਾਰਟ ਅਟੈਕ ਹੋਣ ਸਮੇਂ ਜੇਕਰ ਮਨੁੱਖ ਆਪਣੇ ਘਰ ਵਿਚ ਹੈ ਤੇ ਉਸਨੂੰ ਦਿਲ ਦੇ ਦੌਰੇ ਦੇ ਲੱਛਣ ਦਿਖਾਈ ਦਿੰਦੇ ਹਨ ਜਾਂ ਹਾਰਟ ਅਟੈਕ ਹੁੰਦਾ ਹੈ ਤਾਂ ਉਸਨੂੰ ਤੁਰੰਤ ਐਸਪ੍ਰੀਨ ਦੀ ਗੋਲੀ ਦੇ ਕੇ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।