ਪੀਐੱਮ ਸ਼੍ਰੀ ਕੇਂਦਰੀ ਵਿਦਿਆਲਾ ਨੰਬਰ 1 ਹੁਸੈਨਪੁਰ ਦਾ ਸ਼ਾਨਦਾਰ ਪ੍ਰਦਰਸ਼ਨ
ਖੇਡ ਮੁਕਾਬਲਿਆਂ ਵਿੱਚ ਪੀਐਮ ਸ਼੍ਰੀ ਕੇਂਦਰੀ ਵਿਦਿਆਲਯ ਨੰਬਰ 1 ਹੁਸੈਨਪੁਰ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Sat, 25 Apr 2026 07:08 PM (IST)
Updated Date: Sun, 26 Apr 2026 04:14 AM (IST)

ਕੈਪਸ਼ਨ: 25ਕੇਪੀਟੀ14 ਕੇਂਦਰੀ ਵਿਦਿਆਲਯ ਸੰਸਥਾਨ ਦੀ 55ਵੀਂ ਸੰਭਾਗੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੀਐਮ ਸ਼੍ਰੀ ਕੇਂਦਰੀ ਵਿਦਿਆਲਯ ਨੰਬਰ 1, ਹੁਸੈਨਪੁਰ ਦੇ ਵਿਦਿਆਰਥੀ। ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਪੀਐੱਮ ਸ਼੍ਰੀ ਕੇਂਦਰੀ ਵਿਦਿਆਲਯ ਨੰਬਰ 1 (ਰੇਲ ਡੱਬਾ ਕਾਰਖਾਨਾ) ਹੁਸੈਨਪੁਰ ਕਪੂਰਥਲਾ ਦੇ ਵਿਦਿਆਰਥੀਆਂ ਨੇ ਕੇਂਦਰੀ ਵਿਦਿਆਲਯ ਸੰਸਥਾਨ ਦੀਆਂ 55ਵੀਂ ਸੰਭਾਗੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਹਾਕੀ ਅੰਡਰ-17 (ਲੜਕੇ) ਵਰਗ ਵਿੱਚ ਸਕੂਲ ਦੀ ਟੀਮ ਨੇ ਫਾਈਨਲ ਵਿੱਚ ਕੇ.ਵੀ. ਨੰਬਰ 4 ਜਲੰਧਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ । ਇਸ ਤੋਂ ਇਲਾਵਾ ਐਥਲੈਟਿਕਸ ਦੇ ਅੰਡਰ-17 (ਲੜਕੇ) 1500 ਮੀਟਰ ਦੌੜ ਵਿੱਚ ਕਲਾਸ 9ਵੀਂ ਦੇ ਵਿਦਿਆਰਥੀ ਦਿਵਿਆੰਸ਼ ਨੇ ਚਾਂਦੀ ਦਾ ਤਮਗਾ ਹਾਸਿਲ ਕੀਤਾ । ਉੱਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੋਈ ਫੁੱਟਬਾਲ ਅੰਡਰ-17 (ਲੜਕੇ) ਮੁਕਾਬਲੇ ਵਿੱਚ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ ਆਪਣੀ ਕਾਬਲੀਯਤ ਦਿਖਾਈ । ਜ਼ਿਕਰਯੋਗ ਹੈ ਕਿ 20 ਅਤੇ 21 ਅਪ੍ਰੈਲ ਨੂੰ ਹੋਈਆਂ ਹਾਕੀ ਅੰਡਰ-14 ਅਤੇ ਅੰਡਰ-17 (ਲੜਕੇ-ਲੜਕੀਆਂ) ਮੁਕਾਬਲਿਆਂ ਲਈ ਸਕੂਲ ਨੂੰ ਮੇਜ਼ਬਾਨ ਕੇਂਦਰ ਬਣਾਇਆ ਗਿਆ ਸੀ । ਉਦਘਾਟਨ ਸਮਾਰੋਹ ਵਿੱਚ ਸਕੂਲ ਦੀ ਪ੍ਰਿੰਸੀਪਲ ਰੋਜ਼ੀ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈਆਂ । ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਓਲੰਪੀਅਨ ਅਤੇ ਅਰਜੁਨ ਐਵਾਰਡ ਜੇਤੂ ਹਾਕੀ ਖਿਡਾਰੀ ਨਵਜੋਤ ਕੌਰ, ਜੋ ਇਸ ਵੇਲੇ ਰੇਲ ਡੱਬਾ ਕਾਰਖਾਨੇ ਵਿੱਚ ਸਹਾਇਕ ਖੇਡ ਅਧਿਕਾਰੀ ਹਨ, ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੀਆਂ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਤਮਗੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੇ ਸਫਲ ਅਤੇ ਨਿਰਪੱਖ ਆਯੋਜਨ ਲਈ ਸੰਭਾਗੀ ਦਫਤਰ ਚੰਡੀਗੜ੍ਹ ਤੋਂ ਵੇਂਕਟ ਰਮਨ (ਟੀਜੀਟੀ, ਪੀਐਚਈ) ਅਤੇ ਰਾਮ ਕੁਮਾਰ (ਟੀਜੀਟੀ, ਪੀਐਚਈ) ਨੂੰ ਇਵੈਂਟ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਸਕੂਲ ਦੇ ਖੇਡ ਅਧਿਆਪਕ ਅਨੂਪ ਕੁਮਾਰ ਸਾਹਾ ਅਤੇ ਕੋਚ ਅਕਸ਼ੈ ਕੁਮਾਰ ਦੇ ਅਥਕ ਯਤਨਾਂ ਨਾਲ ਇਹ ਮੁਕਾਬਲੇ ਸਫਲਤਾਪੂਰਵਕ ਸੰਪੰਨ ਹੋਏ।