ਸੋਧ ਫਾਈਲ : ਵਿਸ਼ਵ ਮਲੇਰੀਆ ਦਿਵਸ : ਕੋਈ ਵੀ ਬੁਖਾਰ ਹੋ ਸਕਦੈ ਮਲੇਰੀਆ : ਡਾ ਸੰਜੀਵ ਭਗਤ

- ਕਿਹਾ, ਮਲੇਰੀਆ ਦੇ ਖਾਤਮੇ ਲਈ ਲੋਕਾਂ ਦਾ ਚੇਤਨ ਹੋਣਾ ਜ਼ਰੂਰੀ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਕਪੂਰਥਲਾ : ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ, ਮਲੇਰੀਆ ਬੁਖਾਰ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਮਲੇਰੀਆ ਦਿਵਸ ਮੌਕੇ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਕੀਤਾ। ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਦੱਸਿਆ ਕਿ ਹਰ ਸਾਲ 25 ਅਪ੍ਰੈਲ ਦਾ ਦਿਨ ਮਲੇਰੀਆ ਬਾਰੇ ਲੋਕਚੇਤਨਾ ਲਈ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਐਪੀਡੀਮੋਲੋਜਿਸਟ ਡਾ. ਨੰਦਿਕਾ ਖੁੱਲਰ ਨੇ ਦੱਸਿਆ ਕਿ ਮਲੇਰੀਆ ਇਕ ਕਿਸਮ ਦਾ ਗੰਭੀਰ ਬੁਖਾਰ ਹੈ, ਜੋ ਕਿ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਪਲਾਸਮੋਡੀਅਮ ਦੇ ਤੌਰ ’ਤੇ ਜਾਣੇ ਜਾਂਦੇ ਪਰਜੀਵੀ ਕਾਰਨ ਹੁੰਦਾ ਹੈ, ਜੋ ਪੈਰਾਸਾਈਡ ਹੈ। ਇਹ ਚਾਰ ਕਿਸਮਾਂ ਵਿਚ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਤੇ ਬਰਸਾਤਾਂ ਦੇ ਮੌਸਮ ਦੌਰਾਨ ਘਰਾਂ 'ਚ ਮੱਛਰਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਆਲੇ ਦੁਆਲੇ ਨਾ ਤਾਂ ਪਾਣੀ ਨੂੰ ਖੜ੍ਹਾ ਹੋਣ ਦੇਣਾ ਚਾਹੀਦਾ ਤੇ ਨਾ ਹੀ ਕੂੜੇ ਦੇ ਢੇਰ ਲੱਗਣ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੱਛਰ ਦਾ ਲਾਰਵਾ ਪੈਦਾ ਹੋਣ ਲਈ ਇਕ ਚੱਮਚ ਪਾਣੀ ਹੀ ਕਾਫੀ ਹੁੰਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੱਤਾਂ 'ਤੇ ਟਾਇਰ,ਖਾਲੀ ਬਰਤਨ ਅਤੇ ਕਬਾੜ ਆਦਿ ਇਕੱਠਾ ਨਾ ਹੋਣ ਦੇਣ, ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਇਨ੍ਹਾਂ 'ਚ ਪਾਣੀ ਆਦਿ ਇਕੱਠਾ ਹੋ ਜਾਂਦਾ ਹੈ ਤੇ ਇਹ ਮੱਛਰਾਂ ਦਾ ਲਾਰਵਾ ਪੈਦਾ ਕਰਨ 'ਚ ਸਹਾਈ ਬਣਦਾ ਹੈ। ਉਨ੍ਹਾਂ ਕਿਹਾ ਕਿ ਦਿਨ ਤੇ ਰਾਤ ਵੇਲੇ ਮੱਛਰਾਂ ਦੇ ਝੁੰਡ ਘਰਾਂ 'ਚ ਦਸਤਕ ਦਿੰਦੇ ਹਨ ਤੇ ਸਾਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਦੇਖਣ ਨੂੰ ਭਾਵੇਂ ਇਹ ਛੋਟਾ ਜਿਹਾ ਮੱਛਰ ਹੈ ਪਰ ਇਸ ਨੂੰ ਕਦੇ ਵੀ ਅਣਗੋਲਿਆਂ ਨਾ ਕੀਤਾ ਜਾਵੇ, ਕਿਓ ਕਿ ਇਸ ਨਾਲ ਮਲੇਰੀਆ, ਡੇਂਗੂ, ਚਿਕਨਗੁਨੀਆ ਆਦਿ ਰੋਗਾਂ ਦਾ ਖਤਰਾ ਬਣਿਆ ਰਹਿੰਦਾ ਹੈ। ਮਲੇਰੀਆ ਦੇ ਲੱਛਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਬੁਖਾਰ ਨਾਲ ਸਿਰ ਦਰਦ, ਉਲਟੀਆਂ, ਠੰਢ ਅਤੇ ਹੱਥਾਂ-ਪੈਰਾਂ 'ਚ ਅਕੇਵਾਂ ਰਹਿਣਾ ਅਤੇ ਕਾਂਬੇ ਨਾਲ ਤੇਜ਼ ਬੁਖਾਰ ਰਹਿਣਾ ਹੈ। ਡਾ. ਨੰਦਿਤਾ ਖੁੱਲਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਸਮੇਂ-ਸਮੇਂ 'ਤੇ ਜਾਗਰੂਕਤਾ ਕੰਪੈਨ ਚਲਾਕੇ ਲੋਕਾਂ ਨੂੰ ਮਲੇਰੀਆ, ਡੇਂਗੂ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੋਂ ਬਚਣਾ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਂਦਾ ਅਤੇ ਛੱਪੜਾਂ ਆਦਿ 'ਚ ਮੱਛਰਾਂ ਦੇ ਖਾਤਮੇ ਲਈ ਗੰਬੂਜੀਆਂ ਫਿਸ ਪਾਈਆਂ ਜਾਂਦੀਆਂ ਹਨ ਤਾਂ ਕਿ ਇਨ੍ਹਾਂ 'ਚ ਲਾਰਵਾ ਪੈਦਾ ਨਾ ਹੋਵੇ। ਇਸ ਮੌਕੇ ਮਲੇਰੀਆ ਦੀ ਜਾਗਰੂਕਤਾ ਸਬੰਧੀ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਏਐੱਮਓ ਬਲਕਾਰ ਸਿੰਘ, ਐੱਸਆਈ ਗੁਰਬੀਰ ਸਿੰਘ, ਬਲਜੀਤ ਸਿੰਘ, ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।