ਗਰਮੀਆਂ ’ਚ ਵੱਧ ਪਾਣੀ ਪੀਓ : ਡਾ. ਅਮਨਪ੍ਰੀਤ
ਤਾਪਮਾਨ ਵਧਣ ਕਾਰਨ ਜਿਆਦਾ ਪਾਣੀ ਪੀਓ ਤੇ ਮੌਸਮੀ ਫਲ਼ ਤੇ ਸਬਜੀਆਂ ਖਾਓ - ਡਾ. ਅਮਨਪ੍ਰੀਤ ਸਿੰਘ
Publish Date: Sun, 26 Apr 2026 08:02 PM (IST)
Updated Date: Sun, 26 Apr 2026 08:04 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿਛਲੇ ਕਈ ਦਿਨਾਂ ਤੋਂ ਤਾਪਮਾਨ ਵਿਚ ਤੇਜੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਵੱਧ ਰਹੇ ਪਾਰੇ ਨੇ ਸਾਰਿਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਅਜਿਹੇ ਸਮੇਂ ਵਿਚ ਹਮੇਸ਼ਾ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਤੇ ਮੌਸਮੀ ਫਲ ਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਰੋਗਾਂ ਦੇ ਮਾਹਿਰ ਡਾ. ਅਮਨਪ੍ਰੀਤ ਸਿੰਘ ਐੱਮਡੀ ਅਮਨਪ੍ਰੀਤ ਮਲਟੀਸਪੈਸ਼ਲਿਸਟ ਹਸਪਤਾਲ ਸੁਲਤਾਨਪੁਰ ਲੋਧੀ ਨੇ ਗੱਲਬਾਤ ਦੌਰਾਨ ਕੀਤਾ। ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਗਰਮੀ ਸਰੀਰ ਦੇ ਤਾਪਮਾਨ ਨਿਯੰਤਰਣ ਪ੍ਰਣਾਲੀ ਨੂੰ ਵਿਗਾੜਦੀ ਹੈ ਤੇ ਗਰਮੀ ਨਾਲ ਸਬੰਧਤ ਬੀਮਾਰੀਆਂ ਦਾ ਕਾਰਨ ਬਣਦੀ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਮਈ ਤੇ ਜੂਨ ਦੇ ਮਹੀਨਿਆਂ ਦੌਰਾਨ ਗਰਮੀ ਦੀਆਂ ਤਪਦੀਆਂ ਲਹਿਰਾਂ ਚੱਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਪਰ ਇਸ ਵਾਰ ਅਪ੍ਰੈਲ ਮਹੀਨੇ ਵਿਚ ਹੀ ਤਾਪਮਾਨ 40 ਤੋਂ 42 ਡਿਗਰੀ ਹੋ ਚੁੱਕਾ ਹੈ ਜੋਕਿ ਬੇਧਿਆਨੀ ਨਾਲ ਸਿਹਤ ਲਈ ਖਤਰਨਾਕ ਸਿੱਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖ਼ਾਸ ਕਰਕੇ ਉਨ੍ਹਾਂ ਲੋਕਾਂ, ਜਿਹੜੇ ਜ਼ੋਖਮ ਸ਼੍ਰੇਣੀ ਵਿਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਲੂ-ਲੱਗਣ ਦੇ ਲੱਛਣਾਂ ਵਿਚ ਸਰੀਰ ਦਾ ਤਾਪਮਾਨ 40° ਡਿਗਰੀ ਤੋਂ ਵਧਣਾ, ਬੇਹੋਸ਼ੀ ਦੀ ਸਥਿਤੀ ਹੋਣੀ, ਚੱਕਰ ਆਉਣੇ, ਚਮੜੀ ਦਾ ਖ਼ੁਸ਼ਕ ਤੇ ਲਾਲ ਹੋਣਾ, ਬਹੁਤ ਕਮਜ਼ੋਰੀ ਹੋਣਾ, ਬਹੁਤ ਤੇਜ਼ ਸਿਰ ਦਰਦ, ਉਲਟੀ ਆਉਣਾ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜੇਕਰ ਗਰਮੀ ਲੱਗ ਜਾਵੇ ਤਾਂ ਮਰੀਜ਼ ਨੂੰ ਕੱਪੜੇ ਢਿੱਲੇ ਤੇ ਘੱਟ ਕਰਨੇ, ਠੰਢੀ ਜਗ੍ਹਾ ’ਤੇ ਲੈ ਕੇ ਜਾਣਾ, ਬਰਫ਼/ਆਈਸ ਪੈਕ ਸਰੀਰ ’ਤੇ ਰੱਖਣਾ ਤਾਂ ਜ਼ਰੂਰੀ ਹਨ ਹੀ, ਇਸ ਦੇ ਨਾਲ ਹੀ ਮਰੀਜ਼ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਹੀ ਤਰ੍ਹਾਂ ਨਾਲ ਇਲਾਜ ਕਰਕੇ ਮਰੀਜ਼ ਦੀ ਜਾਨ ਬਚਾਈ ਜਾ ਸਕੇ। ਮਾਹਿਰ ਡਾਕਟਰਾਂ ਕਿਹਾ ਕਿ ਸੂਤੀ ਤੇ ਢਿੱਲੇ ਕੱਪੜੇ ਪਾਓ ਜੋ ਪਸੀਨੇ ਨਾਲ ਸਰੀਰ ਨੂੰ ਠੰਢਾ ਰੱਖਣ ਵਿਚ ਮਦਦ ਕਰਦੇ ਹਨ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਜ਼ਿਆਦਾ ਧੁੱਪੇ ਨਿਕਲਣ ਤੋਂ ਪ੍ਰਹੇਜ਼ ਕਰੋ। ਠੰਢੀ ਥਾਂ ਤੋਂ ਇਕਦਮ ਗਰਮ ਮੌਸਮ ਵਿਚ ਨਿਕਲਣ ਵਿਚ ਵੀ ਨੁਕਸਾਨ ਹੋ ਸਕਦਾ ਹੈ। ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰੋ, ਨੰਗੇ ਪੈਰੀਂ ਬਾਹਰ ਨਾ ਨਿਕਲੋ, ਮੌਸਮੀ ਫਲ ਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਸੰਤਰਾ, ਅੰਗੂਰ, ਖੀਰੇ ਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਲਕੋਹਲ, ਚਾਹ, ਕੌਫ਼ੀ ਤੇ ਕਾਰਬੋਨੇਟਿਡ ਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪ੍ਰਹੇਜ਼ ਕਰੋ ਕਿਉਂਕਿ ਇਹ ਅਸਲ ਵਿਚ ਬਾਡੀ ਫਲੂਡਜ਼ ਨੂੰ ਖ਼ਤਮ ਕਰਦੇ ਹਨ। ਅੱਖਾਂ ਦੀ ਸੁਰੱਖਿਆ ਲਈ ਗੂੜ੍ਹੇ ਚਸ਼ਮੇ ਪਾਓ।