ਡੀਸੀ ਵੱਲੋਂ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ
ਡਿਪਟੀ ਕਮਿਸ਼ਨਰ ਵਲੋਂ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ
Publish Date: Sun, 19 Apr 2026 09:16 PM (IST)
Updated Date: Sun, 19 Apr 2026 09:18 PM (IST)
- ਕੰਟਰੋਲ ਰੂਮ ਦਾ ਨੰਬਰ ਜਾਰੀ ਤੇ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਦਾ ਗਠਨ
- ਉਲੰਘਣਾ ਕਰਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ : ਅਕਾਸ਼ ਬਾਂਸਲ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਮਨੁੱਖੀ ਸਿਹਤ ਦੀ ਰਾਖੀ ਲਈ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਗ ਲਾਉਣ ਨਾਲ ਜਿੱਥੇ ਹਵਾ ਪ੍ਰਦੂਸ਼ਿਤ ਹੁੰਦੀ ਹੈ, ਉੱਥੇ ਹੀ ਪਸ਼ੂ-ਪੰਛੀਆਂ ਅਤੇ ਮਿੱਤਰ ਕੀੜਿਆਂ ਦੇ ਖਤਮ ਹੋਣ ਨਾਲ ਕੁਦਰਤੀ ਚੱਕਰ ਨੂੰ ਵੀ ਵੱਡਾ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ ’ਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਨਾੜ ਨੂੰ ਖੇਤਾਂ ਵਿੱਚ ਹੀ ਵਾਹ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਪੂਰਥਲਾ, ਫਗਵਾੜਾ, ਭੁਲੱਥ ਅਤੇ ਸੁਲਤਾਨਪੁਰ ਲੋਧੀ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਵਿਸ਼ੇਸ਼ ਉਡਣ ਦਸਤਾ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਹ ਟੀਮਾਂ 24 ਘੰਟੇ ਮੁਸ਼ਤੈਦ ਰਹਿਣਗੀਆਂ ਅਤੇ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਯਕੀਨੀ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਜਾਂ ਅੱਗ ਲੱਗਣ ਦੀ ਸੂਚਨਾ ਦੇਣ ਲਈ ਫਾਇਰ ਬ੍ਰਿਗੇਡ ਦੇ ਕੰਟਰੋਲ ਰੂਮ ਨੰਬਰ 01822-232333 ਜਾਂ 101 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਬ ਡਵੀਜ਼ਨ ਪੱਧਰ ’ਤੇ ਤਾਇਨਾਤ ਟੀਮਾਂ ਵਿਚ ਕਪੂਰਥਲਾ ਸਬ ਡਵੀਜ਼ਨ ਲਈ ਤਹਿਸੀਲਦਾਰ ਵਿਜੇ ਕੁਮਾਰ ਅਹੀਰ (94172-95320), ਡੀਐੱਸਪੀ ਡਾ. ਸ਼ੀਤਲ ਸਿੰਘ (88473-00951) ਅਤੇ ਐੱਸਐੱਫਓ ਹਰਪ੍ਰੀਤ ਸਿੰਘ (83606-46288), ਫਗਵਾੜਾ ਦੇ ਲਈ ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ (84371-23123), ਇੰਸਪੈਕਟਰ ਅਮਨਦੀਪ ਕੌਰ (98765-24894) ਅਤੇ ਏਡੀਐੱਫਓ ਮਨਿੰਦਰ ਸਿੰਘ (99712-03158), ਭੁਲੱਥ ਦੇ ਲਈ ਤਹਿਸੀਲਦਾਰ ਵਰਿੰਦਰ ਭਾਟੀਆ (84371-23123) ਤੇ ਸੰਦੀਪ ਸਿੰਘ (84278-94411) ਅਤੇ ਸੁਲਤਾਨਪੁਰ ਲੋਧੀ ਲਈ ਤਹਿਸੀਲਦਾਰ ਵਿਜੈ ਕੁਮਾਰ ਅਹੀਰ (94172-95320), ਐੱਸਪੀ ਧਰਿੰਦਰ ਵਰਮਾ (80058-51623) ਅਤੇ ਵਿਸ਼ਾਲ (88377-67893) ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਧੇਰੇ ਜਾਣਕਾਰੀ ਅਤੇ ਮਸ਼ੀਨਰੀ ਦੀ ਸਹਾਇਤਾ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ।