ਡੀਸੀ ਤੇ ਮਹਾਰਾਜਾ ਕਪੂਰਥਲਾ ਵੱਲੋਂ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਦਾ ਦੌਰਾ
ਮੁਰੰਮਤ ਲਈ ਉੱਚ ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਨਿਰਦੇਸ਼
Publish Date: Wed, 20 May 2026 08:48 PM (IST)
Updated Date: Wed, 20 May 2026 08:49 PM (IST)

-ਵਿਰਾਸਤ ਦੀ ਸਾਂਭ-ਸੰਭਾਲ ਤੇ ਮੁਰੰਮਤ ਲਈ ਉੱਚ ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਨਿਰਦੇਸ਼ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਅਤੇ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ (ਮਹਾਵੀਰ ਚੱਕਰ) ਵੱਲੋਂ ਅੱਜ ਕਪੂਰਥਲਾ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਦੇ ਮਕਸਦ ਨਾਲ ਸਾਂਝੇ ਤੌਰ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਵਿਰਾਸਤੀ ਇਮਾਰਤਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਇਤਿਹਾਸਕ ਦਰਬਾਰ ਹਾਲ, ਗੋਲ ਕੋਠੀ, ਗੁਲਾਬੀ ਕੋਠੀ ਅਤੇ ਬੱਗੀ ਖਾਨਾ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਪੂਰਥਲਾ ਦੀਆਂ ਇਹ ਅਦਭੁੱਤ ਅਤੇ ਖੂਬਸੂਰਤ ਇਮਾਰਤਾਂ ਸਾਡਾ ਵਡਮੁੱਲਾ ਸਰਮਾਇਆ ਹਨ, ਜੋ ਸ਼ਹਿਰ ਦੇ ਸ਼ਾਨਦਾਰ ਪਿਛੋਕੜ ਅਤੇ ਅਮੀਰ ਸੱਭਿਆਚਾਰ ਦੀ ਗਵਾਹੀ ਭਰਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਇਤਿਹਾਸਕ ਸਰੋਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣਾ ਸਾਡੀ ਸਭ ਦੀ ਨੈਤਿਕ ਅਤੇ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕ ਨਿਰਮਾਣ ਵਿਭਾਗ, ਪੁਰਾਤੱਤਵ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਕਿ ਇਨ੍ਹਾਂ ਵਿਰਾਸਤੀ ਇਮਾਰਤਾਂ ਦੀ ਤੁਰੰਤ ਲੁੜੀਂਦੀ ਮੁਰੰਮਤ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਇਮਾਰਤਾਂ ਦੇ ਅੰਦਰ ਅਤੇ ਆਲੇ-ਦੁਆਲੇ ਸਾਫ਼-ਸਫ਼ਾਈ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਤੇ ਹਰਿਆਵਲ ਨੂੰ ਬਰਕਰਾਰ ਰੱਖਣ ਦੇ ਵੀ ਹੁਕਮ ਦਿੱਤੇ। ਇਸ ਦੌਰਾਨ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ (ਮਹਾਵੀਰ ਚੱਕਰ) ਨੇ ਸ਼ਹਿਰ ਦੇ ਇਸ ਸ਼ਾਨਾਮੱਤੇ ਇਤਿਹਾਸ ਅਤੇ ਇਨ੍ਹਾਂ ਇਮਾਰਤਾਂ ਦੀ ਬਣਤਰ ਦੇ ਇਤਿਹਾਸਕ ਮਹੱਤਵ ਬਾਰੇ ਕਈ ਅਹਿਮ ਅਤੇ ਦਿਲਚਸਪ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਦੇ ਇਸ ਪਵਿੱਤਰ ਕਾਰਜ ਵਿੱਚ ਉਹ ਹਰ ਸੰਭਵ ਸਹਿਯੋਗ ਤੇ ਤਕਨੀਕੀ ਸਲਾਹ ਦੇਣ ਲਈ ਹਮੇਸ਼ਾ ਤਿਆਰ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਸਾਂਝੇ ਯਤਨਾਂ ਸਦਕਾ ਸ਼ਹਿਰ ਦੀ ਇਸ ਪੁਰਾਤਨ ਸ਼ਾਨ ਨੂੰ ਹਮੇਸ਼ਾ ਕਾਇਮ ਰੱਖਿਆ ਜਾ ਸਕੇਗਾ।