ਬਰਸਾਤਾਂ ਤੋਂ ਪਹਿਲਾਂ ਨਾਲੇ ਦੀ ਸਫ਼ਾਈ ਦੀ ਉਠੀ ਮੰਗ
ਬਰਸਾਤਾਂ ਤੋਂ ਪਹਿਲਾਂ ਨਡਾਲਾ ਦੇ ਜੱਜੀ ਮਾਰਗ ਵਾਲੇ ਨਾਲੇ ਦੀ ਸਫਾਈ ਕਰਾਉਣ ਦੀ ਉਠੀ ਮੰਗ
Publish Date: Tue, 19 May 2026 09:25 PM (IST)
Updated Date: Tue, 19 May 2026 09:28 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਕਸਬਾ ਨਡਾਲਾ ਦੇ ਜੱਜੀ ਮਾਰਗ ਨਾਲ ਲੱਗਦੇ ਗੰਦੇ ਨਾਲੇ ਦੀ ਲੰਮੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਇਲਾਕਾ ਵਾਸੀਆਂ ਵਿਚ ਚਿੰਤਾ ਪਾਈ ਜਾ ਰਹੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ ਨਾਲੇ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਬਲਵਿੰਦਰ ਸਿੰਘ ਬਿੱਟੂ ਖੱਖ, ਸਰਬਜੀਤ ਸਿੰਘ ਭਾਗੂ, ਪਰਮਜੀਤ ਸਿੰਘ ਖੱਖ, ਨਵਜਿੰਦਰ ਸਿੰਘ ਬੱਗਾ ਕੋਚ ਤੇ ਹੋਰ ਵਸਨੀਕਾਂ ਨੇ ਦੱਸਿਆ ਕਿ ਨਾਲੇ ਵਿਚ ਗੰਦਗੀ, ਪਲਾਸਟਿਕ ਕਚਰਾ ਤੇ ਜੰਗਲੀ ਬੂਟਿਆਂ ਦੀ ਭਰਮਾਰ ਹੋ ਚੁੱਕੀ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਨਾਲੇ ਦੀ ਸਫ਼ਾਈ ਨਾ ਹੋਈ ਤਾਂ ਬਰਸਾਤਾਂ ਦੌਰਾਨ ਗੰਦਾ ਪਾਣੀ ਸੜਕਾਂ ਤੇ ਘਰਾਂ ਵਿਚ ਦਾਖਲ ਹੋ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਜੱਜੀ ਮਾਰਗ ਕਸਬੇ ਦਾ ਇਕ ਮਹੱਤਵਪੂਰਨ ਰਸਤਾ ਹੈ, ਜਿਥੋਂ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਆਵਾਜਾਈ ਕਰਦੇ ਹਨ ਪਰ ਨਾਲੇ ਦੀ ਮਾੜੀ ਹਾਲਤ ਕਾਰਨ ਇਲਾਕੇ ਵਿਚ ਬਦਬੂ ਤੇ ਗੰਦਗੀ ਫੈਲੀ ਹੋਈ ਹੈ, ਜਿਸ ਨਾਲ ਲੋਕ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਨਾਲੇ ਦੀ ਪੂਰੀ ਤਰ੍ਹਾਂ ਸਫ਼ਾਈ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਤੇ ਪਾਣੀ ਦੀ ਸੁਚੱਜੀ ਨਿਕਾਸੀ ਯਕੀਨੀ ਬਣਾਈ ਜਾਵੇ।