ਪਿੰਡ ਰਾਏਪੁਰ ਅਰਾਈਆਂ ’ਚ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
ਪਿੰਡ ’ਚ ਅੱਠ ਦਿਨਾਂ
Publish Date: Sat, 18 Apr 2026 09:20 PM (IST)
Updated Date: Sat, 18 Apr 2026 09:24 PM (IST)

ਪਿੰਡ ’ਚ ਅੱਠ ਦਿਨਾਂ ’ਚ ਤੀਜੇ ਨੌਜਵਾਨ ਦੀ ਮੌਤ ਜਾਸ, ਕਪੂਰਥਲਾ : ਕਸਬਾ ਭੁਲੱਖ ਦੇ ਪਿੰਡ ਰਾਏਪੁਰ ਅਰਾਈਆਂ ਵਿਚ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮ੍ਰਿਤਕ ਦੀ ਪਛਾਣ ਸੈਮੁਅਲ ਉਰਫ ਸ਼ਨੀ ਪੁੱਤਰ ਅਬਦੁਲ ਵਾਸੀ ਪਿੰਡ ਰਾਏਪੁਰ ਅਰਾਈਆਂ ਵਜੋਂ ਹੋਈ ਹੈ। ਇਸ ਪਿੰਡ ’ਚ ਪਿਛਲੇ ਅੱਠ ਦਿਨਾਂ ਵਿਚ ਇਹ ਤੀਜੀ ਘਟਨਾ ਹੈ ਜਿਸ ਨੇ ਪੂਰੇ ਇਲਾਕੇ ਵਿਚ ਚਿੰਤਾ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਹਾਲਾਤ ’ਚ ਦੋ ਹੋਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਾਸੀਆਂ ਅਨੁਸਾਰ, ਸੈਮੁਅਲ ਨਸ਼ੇ ਦਾ ਆਦੀ ਸੀ। ਕੁਝ ਸਮਾਂ ਪਹਿਲਾਂ ਪੁਲਿਸ ਨੇ ਉਸਨੂੰ ਇਲਾਜ ਲਈ ਫੜ ਕੀਤਾ ਸੀ ਪਰ ਬਾਅਦ ਵਿਚ ਉਹ ਡਰ ਕਾਰਨ ਆਪਣੀ ਭੈਣ ਦੇ ਪਿੰਡ ਬਾਗੜੀਆ ਚਲਾ ਗਿਆ ਸੀ। ਉੱਥੇ ਉਸ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੈਮਅਲ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਸਬੰਧੀ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਇਸ ਘਟਨਾ ਦੇ ਬਾਅਦ ਪਿੰਡ ਰਾਏਪੁਰ ਅਰਾਈਆਂ ਦੇ ਸਰਪੰਚ ਵਰਿੰਦਰ ਕੁਮਾਰ ਸਮੇਤ ਹੋਰ ਮੋਹਤਬਰ ਵਿਅਕਤੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਚੱਲ ਰਹੇ ਨਸ਼ੇ ਦੇ ਗ਼ੈਰ ਕਾਨੂੰਨੀ ਕਾਰੋਬਾਰ ’ਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ’ਤੇ ਸਖ਼ਤ ਕਦਮ ਨਹੀਂ ਉਠਾਏ ਗਏ ਤਾਂ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿਣਗੇ ਅਤੇ ਨੌਜਵਾਨਾਂ ਦੀ ਜ਼ਿੰਦਗੀ ਖਤਰੇ ਵਿਚ ਪੈ ਜਾਵੇਗੀ। ਥਾਣਾ ਭੁਲੱਥ ਦੇ ਐੱਸਐੱਚਓ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ।