ਲਗਾਤਾਰ ਲੱਗ ਰਹੇ ਪਾਵਰ ਕੱਟ ਲੋਕਾਂ ਲਈ ਮੁਸੀਬਤ ਬਣੇ : ਕਰਨਜੀਤ ਆਹਲੀ
ਲਗਾਤਾਰ ਲੱਗ ਰਹੇ ਪਾਵਰ ਕੱਟ ਲੋਕਾਂ ਲਈ ਮੁਸੀਬਤ ਬਣੇ : ਕਰਨਜੀਤ ਆਹਲੀ
Publish Date: Fri, 01 May 2026 09:02 PM (IST)
Updated Date: Fri, 01 May 2026 09:05 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਗਰਮੀ ਦੇ ਮੌਸਮ ਦੀ ਸ਼ੁਰੂਆਤ ਹੁੰਦਿਆਂ ਹੀ ਸੂਬੇ ਵਿੱਚ ਲਗਾਤਾਰ ਲੱਗ ਰਹੇ ਪਾਵਰਕੱਟਾਂ ਨਾਲ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਅਤੇ ਸੂਬੇ ਨੂੰ ਬਿਜਲੀ ਸਰਪਲਸ ਕਰਨ ਪੱਖੋਂ ਕੀਤੇ ਸਾਰੇ ਦਾਅਵੇ ਹਵਾ ਵਿੱਚ ਪਹਿਲਾਂ ਵਾਂਗ ਜੁਮਲੇ ਹੀ ਸਾਬਤ ਹੋਏ ਹਨ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਕਰਨਜੀਤ ਸਿੰਘ ਆਹਲੀ ਨੇ ਬੀਤੇ ਦਿਨੀਂ ਸਮੁੱਚੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਾਵਰਕਾਮ ਸਬ ਡਵੀਜ਼ਨਾਂ ’ਤੇ ਲਾਏ ਧਰਨੇ ਸਬੰਧੀ ਕਹੇ। ਉਨ੍ਹਾਂ ਕਿਹਾ ਕਿ ਲੋਕ ਗਰਮੀ ਵਿੱਚ ਲਗਾਤਾਰ ਲਾਏ ਜਾ ਰਹੇ ਕੱਟਾਂ ਤੋਂ ਪਰੇਸ਼ਾਨ ਹੋ ਰਹੇ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਸਿੰਚਾਈ ਲਈ ਵੀ ਪੂਰੀ ਤਰ੍ਹਾਂ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਜਿੰਨੇ ਮਰਜ਼ੀ ਝੂਠ ਲੈਣ ਜੁਮਲੇ ਸੁਣਾ ਕੇ ਲੋਕਾਂ ਨੂੰ ਹਸਾ ਲੈਣ ਪਰ ਸੂਬੇ ਦੇ ਲੋਕ ਹੁਣ ਪਹਿਲਾਂ ਕੀਤੀ ਭਾਰੀ ਗਲਤੀ ਨੂੰ ਕਦੇ ਵੀ ਨਹੀਂ ਦੁਹਰਾਉਣਗੇ। ਲੋਕਾਂ ਨੇ ਸਾਢੇ ਚਾਰ ਸਾਲ ਦਾ ਸੰਤਾਪ ਸਿਰਫ ਸੂਬਾ ਸਰਕਾਰ ਦੀਆਂ ਗੱਲਾਂ ਵਿੱਚ ਹੰਡਾਇਆ ਹੈ, ਜਿਸ ਨੂੰ ਹੁਣ ਉਹ ਕਿਸੇ ਵੀ ਕੀਮਤ ਤੇ ਨਹੀਂ ਦੁਹਰਾਉਣਗੇ। ਯੂਥ ਅਕਾਲੀ ਆਗੂ ਕਰਨਜੀਤ ਸਿੰਘ ਆਹਲੀ ਨੇ ਕਿਹਾ ਕਿ ਅੱਜ ਸੂਬੇ ਦੇ ਲੋਕਾਂ ਦੀ ਜਬਾਨ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਹੀ ਨਾਮ ਆਉਂਦਾ ਹੈ ਤੇ ਲੋਕ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਰੂਰ ਮੁੱਖ ਮੰਤਰੀ ਬਣਾ ਕੇ ਸਾਹ ਲੈਣਗੇ। ਕਰਨਜੀਤ ਆਹਲੀ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਮੰਗ ਪੈ ਰਹੀ ਗਰਮੀ ਨਾਲ ਹੋਰ ਵੱਧ ਰਹੀ ਹੈ ਤੇ ਝੋਨੇ ਦੀ ਲਵਾਈ ਤੋਂ ਬਾਅਦ ਇਸ ਦੀ ਮੰਗ ਵਿੱਚ ਹੋਰ ਵਾਧਾ ਹੋਵੇਗਾ, ਜਿਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਤੇ ਆਖਰੀ ਸਰਕਾਰ ਸੂਬੇ ਦੀ ਸਾਬਤ ਹੋਵੇਗੀ, ਜਿਸ ਨੇ ਭ੍ਰਿਸ਼ਟਾਚਾਰ ਤੇ ਘਪਲਿਆਂ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਹ ਸਰਕਾਰ ਤੋਂ ਗਿਣ-ਗਿਣ ਕੇ ਸਾਰਾ ਹਿਸਾਬ ਮੰਗਣਗੇ ਤੇ ਚੋਣਾਂ ਮੌਕੇ ਸਰਕਾਰ ਕੋਲ ਕੋਈ ਜਵਾਬ ਦੇਣ ਜੋਗਾ ਨਹੀਂ ਬਚੇਗਾ। ਇਸ ਮੌਕੇ ਗੁਰਮੇਜ ਸਿੰਘ, ਕਸ਼ਮੀਰ ਸਿੰਘ, ਬਚਿੱਤਰ ਸਿੰਘ, ਮੁਖਤਾਰ ਸਿੰਘ ਆਦਿ ਹਾਜ਼ਰ ਸਨ।