ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਨੇ ਬਹੁ-ਪੱਧਰੀ ਰਣਨੀਤੀ ਅਪਣਾਈ ਹੈ। ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਦੀ ਮਿਹਨਤ ਨਾਲ ਪਿਛਲੇ ਮਹੀਨੇ ਹੀ ਸਰਕਾਰੀ ਮੈਡੀਕਲ ਕਾਲਜ ਦੀਆਂ ਸਾਰੀਆਂ ਰਸਮੀ ਕਾਰਵਾਈਆਂ ਵੀ ਪੂਰੀਆ ਕਰ ਲਈਆਂ ਗਈਆਂ ਹਨ।
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਕਈ ਸਾਲਾਂ ਦੀ ਉਡੀਕ ਮਗਰੋਂ ਵਿਰਾਸਤੀ ਸ਼ਹਿਰ ਦੇ ਬਣਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਸਟੇਟ ਇੰਸਟੀਚਿਊਟ ਆਫ ਮੈਡੀਕਲ ਐਂਡ ਸਾਇੰਸਜ਼ ਲਈ ਟੈਂਡਰ ਜਾਰੀ ਹੋਣ ਉਪਰੰਤ ਨਿਰਮਾਣ ਕਾਰਜ ਸ਼ੁਰੁ ਹੋ ਚੁੱਕਾ ਹੈ। ਇਹ ਮੈਡੀਕਲ ਕਾਲਜ ਅਗਲੇ 2 ਸਾਲਾਂ ਵਿਚ ਮੁਕੰਮਲ ਹੋ ਜਾਵੇਗਾ ਜਿਸ ਵਿਚ ਐੱਮਬੀਬੀਐੱਸ ਦੀਆਂ 100 ਸੀਟਾਂ ਹੋਣਗੀਆਂ ਅਤੇ ਸਾਲ 2028 ’ਚ ਵਿਦਿਆਰਥੀਆਂ ਦੀਆਂ ਕਲਾਸਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ।
ਕੇਂਦਰ ਤੇ ਪੰਜਾਬ ਸਰਕਾਰ ਦੇ 60-40 ਅਨੁਪਾਤ ਦੀ ਹਿੱਸੇਦਾਰੀ ਵਾਲੇ ਇਸ ਕਾਲਜ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਸ਼ੁਰੂ ਹੋਣ ਨਾਲ ਨਾ ਸਿਰਫ ਦੋਆਬਾ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਸਗੋਂ ਸੂਬੇ ’ਚ ਮੈਡੀਕਲ ਸਿੱਖਿਆ ਦੇ ਢਾਂਚੇ ਨੂੰ ਵੀ ਨਵੀਂ ਮਜ਼ਬੂਤੀ ਮਿਲੇਗੀ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਕਪੂਰਥਲਾ, ਸਲਤਨਪੁਰ ਲੋਧੀ, ਭੁਲੱਥ, ਨਡਾਲਾ, ਢਿੱਲਵਾਂ ਅਤੇ ਆਸਪਾਸ ਦੇ ਕਈ ਇਲਾਕਿਆਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਪ੍ਰੋਜੈਕਟ ਲਈ ਕੇਂਦਰ ਸਰਕਾਰ ਵੱਲੋਂ 60 ਫੀਸਦ ਅਤੇ ਪੰਜਾਬ ਸਰਕਾਰ 40 ਫੀਸਦ ਦਾ ਯੋਗਦਾਨ ਦੇਵੇਗੀ। ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਕਰੀਬ 275 ਕਰੋੜ ਰੁਪਏ ਦੀ ਵੱਡੀ ਰਕਮ ਮਨਜ਼ੂਰ ਕੀਤੀ ਗਈ ਹੈ। ਤਜਵੀਜ਼ਤ ਕਾਲਜ ਨੂੰ ਕਪੂਰਥਲਾ ਦੇ ਮੌਜੂਦਾ ਜ਼ਿਲ੍ਹਾ ਹਸਪਤਾਲ ਕੰਪਲੈਕਸ ਦੇ ਲਗਭਗ ਪੰਜ ਲੱਖ ਵਰਗ ਫੁੱਟ ਤੋਂ ਵੱਧ ਖੇਤਰ ਤੋ ਇਲਾਵਾ ਸਰਕੁਲਰ ਰੋਡ ’ਤੇ ਪਈ ਜ਼ਮੀਨ ਵਿੱਚ ਬਣਾਇਆ ਜਾਵੇਗਾ।
ਇਹ ਸਿਹਤ ਅਦਾਰਾ ਆਧੁਨਿਕ ਮਿਆਰਾਂ ਅਨੁਸਾਰ ਤਿਆਰ ਕੀਤਾ ਜਾਵੇਗਾ, ਜਿਸ ਵਿਚ 300 ਬਿਸਤਰਿਆਂ ਵਾਲਾ ਹਸਪਤਾਲ ਵੀ ਸ਼ਾਮਲ ਹੋਵੇਗਾ। ਇਸ ਦੇ ਨਾਲ ਹੀ ਹਰ ਸਾਲ 100 ਵਿਦਿਆਰਥੀਆਂ ਲਈ ਐੱਮਬੀਬੀਐੱਸ ਦੀਆਂ ਸੀਟਾਂ ਉਪਲੱਬਧ ਹੋਣਗੀਆਂ, ਜਿਸ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਹੁਣ ਬਾਹਰਲੇ ਰਾਜਾਂ ਜਾਂ ਵਿਦੇਸ਼ਾਂ ਵਿੱਚ ਮਹਿੰਗੀ ਪੜ੍ਹਾਈ ਕਰਨ ਲਈ ਜਾਣ ਦੀ ਲੋੜ ਨਹੀਂ ਰਹੇਗੀ।
ਇਸ ਮੈਡੀਕਲ ਕਾਲਜ ਦੇ ਨਾਲ ਜੁੜੀਆਂ ਸਿਹਤ ਸੇਵਾਵਾਂ ਨੂੰ ਹੋਰ ਵਿਸਥਾਰ ਦੇਣ ਲਈ ਸਰਕਾਰ ਨੇ ਸੁਲਤਾਨਪੁਰ ਲੋਧੀ ਅਤੇ ਬੇਗੋਵਾਲ ਦੇ ਹਸਪਤਾਲਾਂ ਨੂੰ ਵੀ ਅਪਗ੍ਰੇਡ ਕਰਨ ਦੀ ਯੋਜਨਾ ਬਣਾਈ ਹੈ। ਇਹ ਦੋਵੇਂ ਕੇਂਦਰ ਨਵੇਂ ਕਾਲਜ ਦੇ ਅਧੀਨ ਸ਼ਹਿਰੀ ਅਤੇ ਪਿੰਡ ਪੱਧਰ ਦੇ ਐਕਸਟੈਂਸ਼ਨ ਸੈਂਟਰ ਵਜੋਂ ਕੰਮ ਕਰਨਗੇ, ਜਿਸ ਨਾਲ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਉੱਚ ਪੱਧਰੀ ਇਲਾਜ ਦੀ ਸਹੂਲਤ ਪਹੁੰਚੇਗੀ।
ਇਸ ਸਬੰਧੀ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ 1000 ਤੋਂ ਵੱਧ ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ। ਡਾਕਟਰਾਂ, ਨਰਸਿੰਗ ਸਟਾਫ, ਟੈਕਨੀਸ਼ੀਅਨਾਂ ਅਤੇ ਹੋਰ ਸਹਾਇਕ ਕਰਮਚਾਰੀਆਂ ਲਈ ਨਵੀਆਂ ਨੌਕਰੀਆਂ ਦੇ ਦਰਵਾਜ਼ੇ ਖੁੱਲ੍ਹਣਗੇ, ਜਿਸ ਨਾਲ ਸਥਾਨਕ ਅਰਥ ਵਿਵਸਥਾ ਨੂੰ ਵੀ ਮਜ਼ਬੂਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਇਕ ਮੈਡੀਕਲ ਕਾਲਜ ਦੇ ਨਾਲ ਸਿੱਧੇ ਤੌਰ ’ਤੇ ਲਗਭਗ 150 ਡਾਕਟਰਾਂ ਦੀ ਲੋੜ ਹੁੰਦੀ ਹੈ, ਜਦਕਿ 400 ਤੋਂ 500 ਪੈਰਾ-ਮੈਡੀਕਲ ਅਤੇ ਸਪੋਰਟ ਸਟਾਫ ਦੀ ਭਰਤੀ ਹੁੰਦੀ ਹੈ। ਇਸ ਤਰ੍ਹਾਂ ਲਗਭਗ 1000 ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ। ਇਸ ਦੇ ਇਲਾਵਾ ਕੰਟੀਨ, ਮੈਡੀਕਲ ਸਟੋਰ, ਪਾਰਕਿੰਗ, ਸਾਈਕਲ ਸਟੈਂਡ ਵਰਗੀਆਂ ਸੁਵਿਧਾਵਾਂ ਨਾਲ ਵੀ ਵੱਡੀ ਗਿਣਤੀ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਨੇ ਬਹੁ-ਪੱਧਰੀ ਰਣਨੀਤੀ ਅਪਣਾਈ ਹੈ। ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਦੀ ਮਿਹਨਤ ਨਾਲ ਪਿਛਲੇ ਮਹੀਨੇ ਹੀ ਸਰਕਾਰੀ ਮੈਡੀਕਲ ਕਾਲਜ ਦੀਆਂ ਸਾਰੀਆਂ ਰਸਮੀ ਕਾਰਵਾਈਆਂ ਵੀ ਪੂਰੀਆ ਕਰ ਲਈਆਂ ਗਈਆਂ ਹਨ। ਇਸ ਮੈਡੀਕਲ ਕਾਲਜ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਸਰਕੁਲਰ ਰੋਡ ’ਤੇ ਪਈ 11 ਏਕੜ ਜ਼ਮੀਨ ਨੂੰ ਸਿਹਤ ਵਿਭਾਗ ਨੇ ਲੰਮੀ ਕਾਨੂੰਨੀ ਲੜਾਈ ਦੇ ਬਾਅਦ ਉੱਚ ਅਦਾਲਤ ਦੇ ਹੁਕਮਾਂ ਤੇ ਪ੍ਰਾਪਤ ਕੀਤਾ ਸੀ। ਇਸ ਜ਼ਮੀਨ ਦੇ ਨਾਲ-ਨਾਲ ਸਿਵਲ ਹਸਪਤਾਲ ਵੱਲੋਂ ਲਗਪਗ ਢਾਈ ਏਕੜ ਵਿੱਚ ਮੁੜ ਵਸੇਬਾ ਸੈਂਟਰ ਚਲਾਇਆ ਜਾ ਰਿਹਾ ਹੈ ਅਤੇ ਬਾਕੀ ਲਗਪਗ ਸਾਢੇ ਅੱਠ-ਨੌ ਏਕੜ ਜ਼ਮੀਨ ਖਾਲੀ ਪਈ ਹੈ।
---
ਹਸਪਤਾਲ ਵਿਚ ਬਣਨਗੇ ਛੇ ਵੱਡੇ ਆਪ੍ਰੇਸ਼ਨ ਥਿਏਟਰ
ਇਹ ਮੈਡੀਕਲ ਕਾਲਜ ਹਰ ਪੱਖ ਤੋਂ ਤਕਨੀਕੀ ਤੌਰ ’ਤੇ ਬੇਹੱਦ ਸਮਰੱਥ ਹੋਵੇਗਾ। ਇੱਥੇ ਛੇ ਵੱਡੇ ਆਪ੍ਰੇਸ਼ਨ ਥਿਏਟਰ ਬਣਾਏ ਜਾਣਗੇ ਅਤੇ 500 ਸੀਟਾਂ ਵਾਲਾ ਇੱਕ ਵਿਸ਼ਾਲ ਆਡੀਟੋਰੀਅਮ ਵੀ ਤਿਆਰ ਕੀਤਾ ਜਾਵੇਗਾ। ਮਰੀਜ਼ਾਂ ਦੀ ਸਹੂਲਤ ਲਈ ਐੱਮਆਰਆਈ ਅਤੇ ਸੀਟੀ ਸਕੈਨ ਵਰਗੀਆਂ ਅਧੁਨਿਕ ਜਾਂਚ ਸਹੂਲਤਾਂ ਵੀ ਉਪਲਬਧ ਹੋਣਗੀਆਂ, ਜਿਸ ਨਾਲ ਇਲਾਜ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਆਵੇਗਾ।