ਸੀਐੱਚਸੀ ਬੋਗੋਵਾਲ 'ਚ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਸ਼ੁਰੂ
ਸਿਵਲ ਸਰਜਨ ਵਲੋਂ ਸੀ.ਐਚ.ਸੀ ਬੋਗੋਵਾਲ ਤੇ ਭੁਲੱਥ ਦਾ ਦੌਰਾ
Publish Date: Tue, 05 May 2026 07:21 PM (IST)
Updated Date: Tue, 05 May 2026 07:23 PM (IST)

-ਸੰਸਥਾ ਚ ਸਾਫ਼-ਸਫ਼ਾਈ ਦਾ ਰੱਖਿਆ ਜਾਵੇ ਵਿਸ਼ੇਸ਼ ਧਿਆਨ : ਡਾ. ਭਗਤ -ਸਿਵਲ ਸਰਜਨ ਨੇ ਕੀਤਾ ਸੀਐੱਚਸੀ ਬੋਗੋਵਾਲ ਤੇ ਭੁਲੱਥ ਦਾ ਦੌਰਾ ਅਵਿਨਾਸ਼ ਸ਼ਰਮਾ\ਸੁਖਜਿੰਦਰ ਮੁਲਤਾਨੀ, ਪੰਜਾਬੀ ਜਾਗਰਣ ਕਪੂਰਥਲਾ\ਭੁਲੱਥ : ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਨੇ ਅੱਜ ਸੀਐੱਚਸੀ ਬੋਗੋਵਾਲ ਤੇ ਐੱਸਡੀਐੱਚ ਭੁਲੱਥ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਡਾਕਟਰਾਂ ਤੇ ਹਸਪਤਾਲ ਦੇ ਹੋਰ ਸਟਾਫ ਮੈਂਬਰਾਂ ਨਾਲ ਮੀਟਿੰਗ ਵੀ ਕੀਤੀ। ਮੀਟਿੰਗ ਦੌਰਾਨ ਵੱਖ-ਵੱਖ ਸਿਹਤ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦਾ ਜਾਇਜ਼ਾ ਲਿਆ ਗਿਆ ਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਰੂਪਰੇਖਾ ਉਲੀਕੀ ਗਈ। ਮੀਟਿੰਗ ਦੌਰਾਨ ਸੀਐੱਚਸੀ ਬੇਗੋਵਾਲ ਤੇ ਐੱਸਡੀਐੱਚ ਭੁਲੱਥ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਿਪਟਣ ਲਈ ਸਿਹਤ ਵਿਭਾਗ ਦੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀਆਂ ਟੀਮਾਂ ਤਿਆਰ ਰਹਿਣ। ਇਸ ਦੇ ਨਾਲ ਹੀ ਸਿਵਲ ਸਰਜਨ ਨੇ ਸਿਹਤ ਸੰਸਥਾ ਦਾ ਰਿਕਾਰਡ ਕੀਪਿੰਗ ਠੀਕ ਕਰਨ ਤੇ ਸੁਧਾਰ ਕਰਨ ਲਈ ਵੀ ਕਿਹਾ ਗਿਆ। ਇਸ ਮੌਕੇ ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਰਕਾਰ ਵੱਲੋਂ ਜੋ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਦਾ ਲਾਭ ਹਰ ਵਰਗ ਨੂੰ ਮਿਲਣਾ ਚਾਹੀਦਾ ਹੈ। ਡਾ. ਭਗਤ ਨੇ ਸਖ਼ਤੀ ਨਾਲ ਹਦਾਇਤ ਕਰਦੇ ਹੋਏ ਕਿਹਾ ਕਿ ਸਿਹਤ ਸੰਸਥਾ ਵਿਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਸਾਰੇ ਹੀ ਸਟਾਫ ਨੂੰ ਕਿਹਾ ਕਿ ਉਹ ਨੈਸ਼ਨਲ ਪ੍ਰੋਗਰਾਮਾਂ ਦੀ ਸਮੇਂ-ਸਮੇਂ ’ਤੇ ਆਪਣੇ ਪੱਧਰ ’ਤੇ ਜ਼ਰੂਰ ਸਮੀਖਿਆ ਕਰਨ। ਉਨ੍ਹਾਂ ਇਸ ਤੋਂ ਇਲਾਵਾ ਸਟੇਟ ਹੈੱਡਕੁਆਰਟਰ ਤੋਂ ਮਿਲੀਆਂ ਹਦਾਇਤਾਂ ਤੋਂ ਵੀ ਸਾਰਿਆਂ ਨੂੰ ਜਾਣੂ ਕਰਵਾਇਆ। ਮੀਟਿੰਗ ਵਿਚ ਆਮ ਆਦਮੀ ਕਲੀਨਿਕਾਂ, ਮੈਟਰਨਲ ਹੈਲਥ, ਟੀਬੀ ਕੰਟਰੋਲ ਪ੍ਰੋਗਰਾਮ, ਟੈਲੀ ਮਾਨਸ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਮੇਤ ਸਾਰੇ ਹੀ ਸਿਹਤ ਪ੍ਰੋਗਰਾਮਾਂ ਤੇ ਵਿਸਥਾਰ ਨਾਲ ਚਰਚਾ ਹੋਈ। ਸਿਵਲ ਸਰਜਨ ਨੇ ਦੱਸਿਆ ਕਿ ਸੀਐੱਚਸੀ ਬੋਗੋਵਾਲ ਵਿਖੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਿਵਲ ਸਰਜਨ ਵੱਲੋਂ ਐੱਸਡੀਐੱਚ ਭੁਲੱਥ ਵਿਖੇ ਡਾਇਲਸਿਸ ਸੈਂਟਰ, ਐਮਰਜੈਂਸੀ ਵਾਰਡ, ਜਰਨਲ ਵਾਰਡ, ਫਾਰਮੇਸੀ, ਲੈਬੋਰਟਰੀ ਦਾ ਵੀ ਨਿਰੀਖਣ ਕੀਤਾ ਗਿਆ। ਸਥਾਨਕ ਲੋਕਾਂ ਵੱਲੋਂ ਸਿਵਲ ਹਸਪਤਾਲ ਭੁਲੱਥ ਵਿਖੇ ਗਾਇਨਕੋਲਜਿਟ ਡਾਕਟਰ ਦੀ ਮੰਗ ਕਰਨ ਤੇ ਡਾਕਟਰ ਭਗਤ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਨੂੰ ਫੋਨ ’ਤੇ ਗੱਲ ਕਰਕੇ ਇਸ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਐੱਸਐੱਮਓ ਡਾ. ਪ੍ਰੇਮ ਕੁਮਾਰ, ਐੱਸਐੱਮਓ ਡਾ. ਹਰਜਿੰਦਰ ਸਿੰਘ ਤੇ ਸਮੂਹ ਸਟਾਫ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ।