ਕੇਂਦਰ ਸਰਕਾਰ ਨੇ ਐੱਮਐੱਸਪੀ ’ਚ ਕੀਤਾ ਨਿਗੂਣਾ ਵਾਧਾ : ਕਿਸਾਨ ਆਗੂ
ਕੇਂਦਰ ਸਰਕਾਰ ਵੱਲੋਂ ਕਣਕ ਦੀ ਫਸਲ ਤੇ ਐਮਐਸਪੀ ਵਾਧਾ ਨਿਗੂਣਾ ਹੈ-ਕਿਸਾਨ ਆਗੂ
Publish Date: Tue, 19 May 2026 08:57 PM (IST)
Updated Date: Tue, 19 May 2026 08:57 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕੇਂਦਰ ਸਰਕਾਰ ਨੇ ਝੋਨੇ ਦੀ ਫ਼ਸਲ ’ਤੇ 74 ਰੁਪਏ ਐੱਮਐੱਸਪੀ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਜਿਸ ਨਾਲ ਇਸ ਫੈਸਲੇ ਨੂੰ ਲੈ ਕੇ ਸਮੁੱਚੇ ਦੇਸ਼ ਦੇ ਕਿਸਾਨਾਂ ਅੰਦਰ ਮਾਯੂਸੀ ਪਾਈ ਜਾ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਚੰਨਣਵਿੰਡੀ ਤੇ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਕ ਹੱਥ ਦੇ ਕੇ ਦੂਜੇ ਹੱਥ ਵਾਪਸ ਲੈਂਦਿਆਂ ਜਿਥੇ 74 ਰੁਪਏ ਦੇ ਕੇ ਕੇਂਦਰ ਸਰਕਾਰ ਨੇ ਆਪਣੀ ਪਿੱਠ ਥਾਪੜਦਿਆਂ ਇਸ ਨੂੰ ਕਿਸਾਨਾਂ ਲਈ ਵੱਡਾ ਤੋਹਫਾ ਕਰਾਰ ਆਖਿਆ ਸੀ, ਉਥੇ ਹੀ ਡੀਜ਼ਲ ਤੇ ਪੈਟਰੋਲ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕਰਕੇ ਕਿਸਾਨਾਂ ਨੂੰ ਜੋ ਦਿੱਤਾ ਸੀ, ਉਹ ਨਾਲ ਦੀ ਨਾਲ ਹੀ ਕਈ ਗੁਣਾ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਡੀਜ਼ਲ ਤੇ ਪੈਟਰੋਲ ਵਿਚ ਜਿਹੜਾ ਵਾਧਾ ਕੀਤਾ ਗਿਆ ਹੈ ਇਹ ਘੱਟੋ-ਘੱਟ ਇਹ ਤਿੰਨ ਰੁਪਏ ਲੀਟਰ ਡੀਜ਼ਲ ਵੱਧ ਸਕਦਾ ਹੈ ਤਾਂ ਕਣਕ ਤੇ ਝੋਨੇ ਤੇ ਹੋਰ ਫ਼ਸਲਾਂ ਉਤੇ ਵੀ ਰੇਟ ਵੀ ਘੱਟੋ-ਘੱਟ 400 ਤੋਂ 500 ਕੁਇੰਟਲ ਵਧਣਾ ਚਾਹੀਦਾ ਕਿਉਂਕਿ 74 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਕਿਸਾਨਾਂ ਦੀ ਜੇਬ ਵਿਚ ਪਾਕੇ ਉਲਟਾ 300 ਰੁਪਏ ਉਨ੍ਹਾਂ ਦੀ ਜੇਬ ਵਿਚੋਂ ਕੱਢ ਲਿਆ ਗਿਆ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜਾ ਪੈਟਰੋਲ ਤੇ ਡੀਜ਼ਲ ਵਿਚ ਵਾਧਾ ਕੀਤਾ ਗਿਆ ਹੈ, ਇਸ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਜੋ ਐੱਮਐੱਸਪੀ ਵਿਚ 74 ਰੁਪਏ ਵਾਧਾ ਕੀਤਾ ਗਿਆ ਹੈ ਉਸ ’ਤੇ ਵੀ ਗੌਰ ਕਰਦਿਆਂ ਇਸ ਨੂੰ ਹੋਰ ਵਧਾਇਆ ਜਾਵੇ।