ਉਮੀਦਵਾਰ ਤੈਅ ਹੱਦ ਅੰਦਰ ਹੀ ਖਰਚ ਕਰਨ : ਜ਼ਿਲ੍ਹਾ ਚੋਣ ਅਫ਼ਸਰ
ਚੋਣ ਲੜ ਰਹੇ ਉਮੀਦਵਾਰ ਨਿਰਧਾਰਤ ਹੱਦ ਅੰਦਰ ਹੀ ਖਰਚ ਕਰਨ - ਜ਼ਿਲ੍ਹਾ ਚੋਣ ਅਫ਼ਸਰ
Publish Date: Tue, 19 May 2026 08:01 PM (IST)
Updated Date: Tue, 19 May 2026 08:03 PM (IST)

---ਨਗਰ ਨਿਗਮ ਲਈ 4 ਲੱਖ ਤੇ ਨਗਰ ਕੌਂਸਲ ਲਈ 3.60 ਲੱਖ ਦੀ ਸੀਮਾ ਮਿੱਥੀ ---ਖਰਚ ਦਾ ਮੁਕੰਮਲ ਰਿਕਾਰਡ ਰੱਖਣ, ਰਿਕਾਰਡ ਨਾ ਰੱਖਣ ‘ਤੇ ਹੋਵੇਗੀ ਕਾਰਵਾਈ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕਪੂਰਥਲਾ ਅਕਾਸ਼ ਬਾਂਸਲ ਨੇ ਨਗਰ ਨਿਗਮ ਤੇ ਨਗਰ ਕੌਂਸਲ ਦੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਚੋਣ ਖ਼ਰਚੇ ਲਈ ਨਿਰਧਾਰਤ ਸੀਮਾ ਦੇ ਅੰਦਰ ਰਹਿਕੇ ਹੀ ਖਰਚ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਚੋਣਾਂ ਲੜਨ ਵਾਲੇ ਸਮੂਹ ਉਮੀਦਵਾਰਾਂ ਲਈ ਚੋਣ ਖ਼ਰਚਿਆਂ ਦੀ ਸੀਮਾ ਹੱਦ ਨਿਰਧਾਰਿਤ ਕੀਤੀ ਗਈ ਹੈ ਤੇ ਇਸਦਾ ਲੇਖਾ-ਜੋਖਾ ਸਹੀ ਤਰੀਕੇ ਨਾਲ ਮੈਂਟੇਨ ਰੱਖਣ ਤੇ ਇਸਨੂੰ ਜਮ੍ਹਾਂ ਕਰਵਾਉਣ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅਕਾਸ਼ ਬਾਂਸਲ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਨੂੰ ਹਰ ਹਾਲ ਵਿਚ ਉਸੇ ਤੈਅ ਸੀਮਾ ਦੇ ਅੰਦਰ ਰਹਿ ਕੇ ਹੀ ਖ਼ਰਚਾ ਕਰਨਾ ਹੋਵੇਗਾ। ਨਿਰਧਾਰਿਤ ਨਿਯਮਾਂ ਅਨੁਸਾਰ ਨਗਰ ਨਿਗਮ ਦੇ ਉਮੀਦਵਾਰਾਂ ਲਈ ਖ਼ਰਚੇ ਦੀ ਹੱਦ 4 ਲੱਖ ਰੁਪਏ, ਨਗਰ ਕੌਂਸਲਾਂ ਦੇ ਉਮੀਦਵਾਰਾਂ ਲਈ ਕਲਾਸ-I ਲਈ 3 ਲੱਖ 60 ਹਜ਼ਾਰ ਰੁਪਏ, ਕਲਾਸ-II ਲਈ 2 ਲੱਖ 90 ਹਜ਼ਾਰ ਰੁਪਏ, ਕਲਾਸ-III ਲਈ 2 ਲੱਖ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਇਹ ਸੀਮਾ 1 ਲੱਖ 40 ਹਜ਼ਾਰ ਰੁਪਏ ਰੱਖੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਲਈ ਆਪਣੇ ਚੋਣ ਖ਼ਰਚੇ ਦਾ ਪੂਰਾ ਹਿਸਾਬ-ਕਿਤਾਬ ਮੈਂਟੇਨ ਰੱਖਣਾ ਲਾਜ਼ਮੀ ਹੋਵੇਗਾ ਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਠਿਤ ਕੀਤੀਆਂ ਗਈਆਂ ਆਡਿਟ ਟੀਮਾਂ ਨਾਲ ਮਿਲਾਨ ਜ਼ਰੂਰ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਹਰੇਕ ਉਮੀਦਵਾਰ ਲਈ ਚੋਣ ਨਤੀਜੇ ਦੀ ਘੋਸ਼ਣਾ ਦੇ 30 ਦਿਨਾਂ ਦੇ ਅੰਦਰ-ਅੰਦਰ ਆਪਣੇ ਚੋਣ ਖ਼ਰਚਿਆਂ ਦਾ ਵੇਰਵਾ ਸਬੰਧਤ ਜ਼ਿਲ੍ਹਾ ਚੋਣ ਅਫ਼ਸਰ ਰਾਹੀਂ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਜੇਕਰ ਕਿਸੇ ਉਮੀਦਵਾਰ ਨੇ ਕੋਈ ਖ਼ਰਚਾ ਨਹੀਂ ਵੀ ਕੀਤਾ, ਤਾਂ ਵੀ ਉਸ ਨੂੰ ਨਿੱਲ ਰਿਟਰਨ ਦਾਖਲ ਕਰਨੀ ਪਵੇਗੀ ਤੇ ਜ਼ਬਤ ਹੋਈ ਜ਼ਮਾਨਤ ਰਾਸ਼ੀ ਨੂੰ ਵੀ ਖ਼ਰਚੇ ਵਜੋਂ ਦਿਖਾਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਉਮੀਦਵਾਰ ਇਕ ਤੋਂ ਵੱਧ ਹਲਕਿਆਂ ਤੋਂ ਚੋਣ ਲੜਿਆ ਹੈ, ਤਾਂ ਉਸ ਨੂੰ ਹਰ ਚੋਣ ਲਈ ਵੱਖਰਾ ਖ਼ਰਚਾ ਰਿਟਰਨ ਦੇਣਾ ਪਵੇਗਾ। ਡਿਪਟੀ ਕਮਿਸ਼ਨਰ ਨੇ ਸਖ਼ਤ ਹਦਾਇਤ ਕੀਤੀ ਕਿ ਆਈਪੀਸੀ ਦੀ ਧਾਰਾ 171-I ਤਹਿਤ ਚੋਣ ਖ਼ਰਚਿਆਂ ਦਾ ਸਹੀ ਹਿਸਾਬ-ਕਿਤਾਬ ਰੱਖਣ ਵਿਚ ਅਸਫ਼ਲ ਰਹਿਣ ਵਾਲੇ ਤੇ ਤੈਅ ਸੀਮਾ ਦੀ ਉਲੰਘਣਾ ਕਰਨ ਵਾਲੇ ਉਮੀਦਵਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹੋਏ ਜੁਰਮਾਨਾ ਲਗਾਇਆ ਜਾ ਸਕਦਾ ਹੈ।