ਧੰਮੀ ਹੇਰਾਂ ਵਾਲੇ ਦਾ ਵਾਰਿਸ ਬਣਿਆ ਕੈਨੇਡਾ ਦਾ ਪੁਲਸੀਆ
ਧੰਮੀ ਹੇਰਾਂ ਵਾਲੇ ਦਾ ਵਾਰਿਸ ਬਣਿਆ ਕੈਨੇਡਾ ਦਾ ਪੁਲਸੀਆ
Publish Date: Sat, 16 May 2026 08:19 PM (IST)
Updated Date: Sat, 16 May 2026 08:21 PM (IST)

ਕਪੂਰਥਲਾ : ਜਿੱਥੇ ਚਾਹ ਉਥੇ ਰਾਹ ਦੇ ਕਥਨ ਅਨੁਸਾਰ ਜਦੋਂ ਸਾਨੂੰ ਆਪਣੀ ਰੁਚੀ ਅਨੁਸਾਰ ਕੀਤੇ ਸੰਘਰਸ਼ ਬਾਅਦ ਮੰਜ਼ਿਲ ਮਿਲ ਜਾਵੇ ਤਾਂ ਮੰਜ਼ਿਲ ਹਾਸਲ ਕਰਨ ਵਾਲਾ ਜਸ਼ਨ ਹੀ ਨਹੀਂ ਮਨਾਉਂਦਾ ਬਲਕਿ ਉਸ ਕਾਰਜ ਨੂੰ ਹੋਰ ਚੰਗਾ ਕਰਨ ਲਈ ਸਮਰਪਿਤ ਸੇਵਾਵਾਂ ਦੇਣਾ ਵੀ ਸਵੈਮਾਣ ਸਮਝਦਾ ਹੈ। ਇਸ ਕਥਨ ਅਨੁਸਾਰ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਧੰਮੀ ਹੇਰਾਂ ਵਾਲੇ ਦੇ ਛੋਟੇ ਪੁੱਤਰ ਵਾਰਿਸ ਧੰਮੀ ਨੇ ਕੈਨੇਡਾ ਵਿਚ ਆਪਣੀ ਪੜ੍ਹਾਈ ਖ਼ਤਮ ਕਰਨ ਉਪਰੰਤ ਮੈਟਰੋ ਵੈਨਕੂਵਰ ਪੁਲਿਸ ਦੀ ਵਰਦੀ ਪਹਿਨ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਗੀਤਕਾਰ ਵਿਜੈ ਧੰਮੀ ਹੇਰਾਂ ਵਾਲੇ ਨੇ ਦਸਿਆ ਕਿ ਵਾਰਿਸ ਧੰਮੀ ਮਾਡਲਿੰਗ ਵਿਚ ਵੀ ਹੱਥ ਅਜ਼ਮਾਈ ਕਰਦਾ ਸੀ। ਨੂਰਾਂ ਭੈਣਾਂ ਦੇ ਗੀਤ ‘ਜਿੰਦੜੀਏ’ ਦੇ ਫਿਲਮਾਂਕਣ ’ਚ ਨਾਇਕ ਦੀ ਭੂਮਿਕਾ ਵਿਚ ਚਰਚਿਤ ਹੋਣ ਉਪਰੰਤ ਹੋਰ ਵੀ ਬਹੁਤ ਸਾਰੇ ਗਾਇਕਾਂ ਦੇ ਗੀਤਾਂ ਦੇ ਫਿਲਮਾਂਕਣ ਦਾ ਸਫ਼ਲ ਨਾਇਕ ਰਿਹਾ। ਵਾਰਿਸ ਦੀ ਧਰਮ ਪਤਨੀ ਕੈਨੇਡਾ ਵਿਚ ਚਾਰਟਿਡ ਅਕਾਊਂਟੈਂਟ ਹੈ। ਵਾਰਿਸ ਧੰਮੀ ਦੀ ਇਸ ਪ੍ਰਾਪਤੀ ਤੋਂ ਬਾਅਦ ਜਹਾਂਗੀਰ ਤੋਂ ਗੁਰਦੀਪ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਵਿਜੈ ਧੰਮੀ ਹੇਰਾਂ ਵਾਲੇ ਨੂੰ ਅਸੀਂ ਸ਼ਾਨ- ਏ-ਪੰਜਾਬ ਕਹਿੰਦੇ ਸਾਂ ਪਰ ਬੇਟੇ ਵਾਰਿਸ ਧੰਮੀ ਨੇ ਇਸ ਮਾਣਮੱਤੀ ਪ੍ਰਾਪਤੀ ਸਦਕਾ ਸ਼ਾਨ- ਏ- ਕੈਨੇਡਾ ਹੋਣ ਦਾ ਮਾਣ ਹਾਸਲ ਕੀਤਾ ਹੈ। ਨਗਰ ਕੌਂਸਲ ਨਕੋਦਰ ਦੇ ਸਾਬਕਾ ਪ੍ਰਧਾਨ ਕੇਵਲ ਸਿੰਘ ਤੱਖਰ ਨੇ ਕਿਹਾ ਕਿ ਇਹ ਮਾਪਿਆਂ ਲਈ ਵੱਡੇ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਨ੍ਹਾਂ ਦੇ ਬੱਚੇ ਉਨਾਂ ਦੇ ਸੁਪਨਿਆਂ ਉੱਤੇ ਪੂਰਾ ਉੱਤਰਦੇ ਹੋਏ ਮਾਪਿਆਂ ਦਾ ਸਮਾਜ ਵਿਚ ਮਾਣ ਸਨਮਾਨ ਵਧਾਉਂਦੇ ਹਨ। ਵਿਜੈ ਧੰਮੀ ਹੇਰਾਂ ਵਾਲੇ ਦੇ ਗੀਤਾਂ ਦੇ ਪ੍ਰਸਿੱਧ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ, ਜੱਸੀ ਗੁਰਦਾਸਪੁਰੀ, ਨਛੱਤਰ ਗਿੱਲ, ਬੂਟਾ ਮੁਹੰਮਦ, ਰੂਪ ਲਾਲ ਰੂਪ, ਸਤਵਿੰਦਰ ਬੁੱਗਾ, ਸਤਵਿੰਦਰ ਬਿੱਟੀ, ਨੂਰਾਂ ਭੈਣਾਂ ਆਦਿ ਨੇ ਧੰਮੀ ਪਰਿਵਾਰ ਨਾਲ ਵਧਾਈਆਂ ਸਾਂਝੀਆਂ ਕੀਤੀਆਂ।