ਬਲਦਾਂ ਵਾਲਾ ਗੱਡਾ ਪੰਜਾਬ ਦੀ ਪੁਰਾਤਨ ਪਛਾਣ ਦੀ ਕਹਾਣੀ
ਬਲਦਾਂ ਵਾਲਾ ਗੱਡਾ ਪੰਜਾਬ ਦੀ ਪੁਰਾਤਨ ਪਹਿਚਾਣ ਦੀ ਕਹਾਣੀ
Publish Date: Sun, 26 Apr 2026 08:20 PM (IST)
Updated Date: Sun, 26 Apr 2026 08:22 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਇਕ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਪਿੰਡਾਂ ਦੀਆਂ ਹਰ ਗਲੀਆਂ ਵਿਚ “ਠੱਕ-ਠੱਕ” ਦੀ ਆਵਾਜ਼ ਨਾਲ ਬਲਦਾਂ ਵਾਲਾ ਗੱਡਾ ਚੱਲਦਾ ਹੁੰਦਾ ਸੀ। ਇਹ ਸਿਰਫ਼ ਸਵਾਰੀ ਦਾ ਸਾਧਨ ਨਹੀਂ, ਸਗੋਂ ਕਿਸਾਨੀ ਜੀਵਨ ਦੀ ਰੀੜ੍ਹ ਦੀ ਹੱਡੀ ਵੀ ਮੰਨਿਆ ਜਾਂਦਾ ਸੀ। ਅੱਜ ਭਾਵੇਂ ਇਹ ਨੌਜਵਾਨ ਪੀੜ੍ਹੀ ਲਈ ਇਤਿਹਾਸ ਬਣ ਚੁੱਕਾ ਹੈ, ਪਰ ਇਸਦੀ ਮਹੱਤਤਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਬਲਦਾਂ ਵਾਲੇ ਗੱਡੇ ਦੀ ਸ਼ੁਰੂਆਤ ਪ੍ਰਾਚੀਨ ਸਮਿਆਂ ਵਿਚ ਹੋਈ ਮੰਨੀ ਜਾਂਦੀ ਹੈ। ਇਤਿਹਾਸਕਾਰਾਂ ਦੇ ਅਨੁਸਾਰ ਇਹ ਵਾਹਨ (ਗੱਡਾ) ਲਗਭਗ 3000–4000 ਈਸਾ ਪੂਰਵ ਵਿਚ ਵੀ ਵਰਤਿਆ ਜਾਂਦਾ ਸੀ। ਸਿੰਧੂ ਘਾਟੀ ਸਭਿਆਚਾਰ ਦੇ ਸਮੇਂ ਵਿਚ ਵੀ ਇਸਦੇ ਨਿਸ਼ਾਨ ਮਿਲਦੇ ਹਨ। ਪੰਜਾਬ ਦੇ ਪਿੰਡਾਂ ਵਿਚ ਇਹ ਸਦੀਆਂ ਤੱਕ ਮੁੱਖ ਆਵਾਜਾਈ ਦਾ ਸਾਧਨ ਰਿਹਾ ਹੈ। ਬਲਦਾਂ ਵਾਲਾ ਗੱਡਾ ਪਿੰਡਾਂ ਵਿਚ ਬਹੁਤ ਹੀ ਲਾਭਕਾਰੀ ਸਾਬਤ ਹੁੰਦਾ ਸੀ। ਇਸਦੇ ਮੁੱਖ ਉਪਯੋਗ ਖੇਤਾਂ ਤੋਂ ਫਸਲ ਘਰ ਵਿਚ ਲਿਆਉਣ ਲਈ, ਅਨਾਜ ਮੰਡੀਆਂ ਤੱਕ ਪਹੁੰਚਾਉਣ ਲਈ, ਲੱਕੜ, ਚਾਰਾ ਤੇ ਹੋਰ ਸਮਾਨ ਢੋਹਣ ਲਈ, ਵਿਆਹ-ਸ਼ਾਦੀਆਂ ਵਿਚ ਸਵਾਰੀ ਵਜੋਂ ਤੇ ਪਿੰਡ ਤੋਂ ਸ਼ਹਿਰ ਤੱਕ ਜਾਣ ਲਈ ਵੀ ਆਵਾਜਾਈ ਵਜੋਂ ਵਰਤਿਆ ਜਾਂਦਾ ਸੀ। ਇਹ ਗੱਡਾ ਕਿਸਾਨ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਸੀ। ਬਲਦਾਂ ਵਾਲਾ ਗੱਡਾ ਪੂਰੀ ਤਰ੍ਹਾਂ ਹੱਥ ਨਾਲ ਤਿਆਰ ਕੀਤਾ ਜਾਂਦਾ ਸੀ, ਇਸ ਦਾ ਮਜ਼ਬੂਤ ਲੱਕੜ (ਸ਼ੀਸ਼ਮ, ਟਾਹਲੀ ਆਦਿ) ਨਾਲ ਢਾਂਚਾ ਬਣਾਇਆ ਜਾਂਦਾ ਸੀ, ਲੱਕੜ ਦੇ ਦੋ ਵੱਡੇ ਪਹੀਏ ਬਣਾਏ ਜਾਂਦੇ ਸਨ ਤੇ ਲੋਹੇ ਦੀਆਂ ਪੱਟੀਆਂ ਨਾਲ ਪਹੀਏ ਮਜ਼ਬੂਤ ਵੀ ਕੀਤੇ ਜਾਂਦੇ ਸਨ, ਅੱਗੇ ਲੰਮਾ ਡੰਡਾ (ਜੋ ਬਲਦਾਂ ਨਾਲ ਜੋੜਿਆ ਜਾਂਦਾ ਸੀ) ਲਗਾਇਆ ਜਾਂਦਾ ਸੀ ਤੇ ਬੈਠਣ ਜਾਂ ਸਮਾਨ ਰੱਖਣ ਲਈ ਇਸ ਉੱਪਰ ਮੰਜਾ ਤਿਆਰ ਕੀਤਾ ਜਾਂਦਾ ਸੀ ਤੇ ਇਹ ਸਾਰਾ ਕੰਮ ਪਿੰਡ ਦੇ ਕਾਰੀਗਰ ਹੀ ਕਰਦੇ ਹੁੰਦੇ ਸਨ, ਜੋ ਇਸ ਕਲਾ ਵਿਚ ਨਿਪੁੰਨ ਹੁੰਦੇ ਸਨ। ਟਰੈਕਟਰ ਆਏ, ਗੱਡੇ ਗਏ ਬਲਦਾਂ ਵਾਲੇ ਗੱਡੇ ਦੀ ਵਰਤੋਂ 20ਵੀਂ ਸਦੀ ਦੇ ਅਖੀਰ ਤੱਕ ਚੱਲਦੀ ਰਹੀ ਪਰ ਜਦੋਂ ਟਰੈਕਟਰ, ਟਰਾਲੀਆਂ ਤੇ ਮੋਟਰ ਵਾਹਨ ਆਏ, ਤਾਂ ਇਹ ਹੌਲੀ-ਹੌਲੀ ਖਤਮ ਹੋ ਗਿਆ। ਖਾਸ ਕਰਕੇ 1980 ਤੋਂ ਬਾਅਦ, ਇਸਦੀ ਵਰਤੋਂ ਵਿਚ ਤੇਜ਼ੀ ਨਾਲ ਕਮੀ ਆਈ ਤੇ ਅੱਜ ਵੀ ਇਹ ਸਿਰਫ਼ ਕੁਝ ਪਿੰਡਾਂ ਜਾਂ ਸ਼ਹਿਰਾਂ ਦੇ ਮੇਲਿਆਂ ਤੱਕ ਹੀ ਸੀਮਿਤ ਰਹਿ ਗਿਆ ਹੈ। ਬਲਦਾਂ ਵਾਲਾ ਗੱਡਾ ਸਿਰਫ਼ ਇਕ ਸਵਾਰੀ ਨਹੀਂ ਸੀ, ਸਗੋਂ ਪੰਜਾਬ ਦੀ ਸੰਸਕ੍ਰਿਤੀ ਤੇ ਕਿਸਾਨੀ ਵਿਰਾਸਤ ਦਾ ਪ੍ਰਤੀਕ ਸੀ। ਆਧੁਨਿਕ ਯੁੱਗ ਵਿਚ ਭਾਵੇਂ ਇਹ ਲਗਭਗ ਗਾਇਬ ਹੋ ਚੁੱਕਾ ਹੈ, ਪਰ ਇਸਦੀ ਯਾਦ ਅੱਜ ਵੀ ਪੁਰਾਣੀਆਂ ਪੀੜ੍ਹੀਆਂ ਦੇ ਦਿਲਾਂ ਵਿਚ ਜ਼ਿੰਦਾ ਹੈ। ਕੋਟਸ-- 1 ਉੱਘੇ ਕਿਸਾਨ ਰਣਜੀਤ ਸਿੰਘ ਥਿੰਦ ਪਿੰਡ ਬੂਲਪੁਰ ਨੇ ਕਿਹਾ ਹੈ ਕਿ ਬਲਦਾਂ ਦੇ ਗੱਡੇ ਕਦੇ ਪਿੰਡਾਂ ਦੀ ਪਛਾਣ ਹੁੰਦੇ ਸਨ। ਇਹ ਖੇਤੀਬਾੜੀ ਤੇ ਆਵਾਜਾਈ ਦਾ ਮੁੱਖ ਸਾਧਨ ਰਹੇ ਹਨ। ਮਸ਼ੀਨੀਕਰਨ ਨਾਲ ਇਹ ਵਿਰਾਸਤ ਹੌਲੀ-ਹੌਲੀ ਗਾਇਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਲਦਾਂ ਨਾਲ ਕਿਸਾਨਾਂ ਦਾ ਗਹਿਰਾ ਨਾਤਾ ਹੁੰਦਾ ਸੀ। ਉਨ੍ਹਾਂ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਇਸ ਅਣਮੁੱਲੀ ਧਰੋਹਰ ਨੂੰ ਬਚਾਇਆ ਜਾਵੇ। 2 ਸਾਬਕਾ ਬੀਪੀਓ ਸਾਧੂ ਸਿੰਘ ਬੂਲਪੁਰ ਦਾ ਕਹਿਣਾ ਹੈ ਕਿ ਬਲਦਾਂ ਦੇ ਗੱਡੇ ਪਿੰਡਾਂ ਦੀ ਸ਼ਾਨ ਤੇ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਹੁੰਦੇ ਸਨ। ਇਹ ਸਸਤੇ ਤੇ ਵਾਤਾਵਰਣ ਲਈ ਲਾਭਕਾਰੀ ਸਾਧਨ ਹੁੰਦੇ ਸਨ। ਅੱਜ ਮਸ਼ੀਨਾਂ ਨੇ ਇਨ੍ਹਾਂ ਦੀ ਥਾਂ ਲੈ ਲਈ ਹੈ। ਇਸ ਨਾਲ ਪ੍ਰੰਪਰਾਵਾਂ ਪਿੱਛੇ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਵਿਰਾਸਤ ਨਾਲ ਜੋੜਨਾ ਚਾਹੀਦਾ ਹੈ। 3 ਸਾਬਕਾ ਸਰਪੰਚ ਜਸਬੀਰ ਸਿੰਘ ਡਡਵਿੰਡੀ ਦਾ ਕਹਿਣਾ ਹੈ ਕਿ ਬਲਦਾਂ ਦੇ ਗੱਡੇ ਪਿੰਡਾਂ ਦੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਰਹੇ ਹਨ। ਇਹ ਸਾਂਝੀ ਸੰਸਕ੍ਰਿਤੀ ਤੇ ਸਾਦਗੀ ਦਾ ਪ੍ਰਤੀਕ ਸਨ। ਮਸ਼ੀਨੀਕਰਨ ਨਾਲ ਇਹ ਪ੍ਰੰਪਰਾ ਲਗਭਗ ਖਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਰਾਸਤ ਨੂੰ ਸੰਭਾਲਣਾ ਲਾਜ਼ਮੀ ਹੈ। ਉਨ੍ਹਾਂ ਸਮੂਹਕ ਯਤਨਾਂ ਦੀ ਅਪੀਲ ਕੀਤੀ। 4 ਜਥੇਦਾਰ ਮੁਖਤਿਆਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਹੈ ਕਿ ਬਲਦਾਂ ਦੇ ਗੱਡੇ ਪੰਜਾਬ ਦੀ ਪੁਰਾਤਨ ਪਛਾਣ ਹਨ। ਇਹ ਮਿਹਨਤ, ਸਾਦਗੀ ਤੇ ਕੁਦਰਤ ਨਾਲ ਜੋੜ ਦਾ ਪ੍ਰਤੀਕ ਸਨ। ਅੱਜ ਇਹ ਦ੍ਰਿਸ਼ ਪਿੰਡਾਂ ਵਿਚੋਂ ਗਾਇਬ ਹੋ ਰਿਹਾ ਹੈ। ਇਹ ਸਾਡੀ ਸੰਸਕ੍ਰਿਤਕ ਧਰੋਹਰ ਹੈ ਜਿਸਦੀ ਰੱਖਿਆ ਜ਼ਰੂਰੀ ਹੈ। ਉਨ੍ਹਾਂ ਸਰਕਾਰ ਤੇ ਸਮਾਜ ਨੂੰ ਲੁੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ।