ਸਿਵਲ ਡਿਫੈਂਸ ਵੱਲੋਂ ਕਰਵਾਈ ਗਈ ‘ਬਲੈਕਆਊਟ’ ਮੌਕ ਡਰਿੱਲ
ਸਿਵਲ ਡਿਫੈਂਸ ਵੱਲੋਂ ਕਰਵਾਈ ਗਈ 'ਬਲੈਕਆਊਟ' ਮੌਕ ਡਰਿੱਲ
Publish Date: Fri, 24 Apr 2026 10:06 PM (IST)
Updated Date: Fri, 24 Apr 2026 10:10 PM (IST)
- ਸਿਰਫ਼ ਸੁਰੱਖਿਆ ਪਰਖ ਲਈ ਕਰਵਾਈ ਗਈ ਡਰਿੱਲ, ਘਬਰਾਉਣ ਦੀ ਨਹੀਂ ਸਗੋਂ ਸਿੱਖਣ ਦੀ ਲੋੜ : ਡੀਸੀ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਤ ਨੂੰ ਕਪੂਰਥਲਾ ਦੀ ਪੁਰਾਣੀ ਕਚਹਿਰੀ ਵਿਖੇ ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਵਿਸ਼ੇਸ਼ ‘ਏਅਰ ਰੇਡ’ ਅਤੇ ‘ਬਲੈਕਆਊਟ’ ਮੌਕ ਡਰਿੱਲ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਇਸ ਕਾਰਵਾਈ ਦੀ ਸ਼ੁਰੂਆਤ ਠੀਕ ਰਾਤ 8 ਵਜੇ ਸਾਇਰਨ ਵਜਾ ਕੇ ਕੀਤੀ ਗਈ, ਜਿਸ ਤੋਂ ਤੁਰੰਤ ਬਾਅਦ ਨਿਰਧਾਰਤ ਖੇਤਰ ਦੀ ਬਿਜਲੀ ਬੰਦ ਕਰ ਦਿੱਤੀ ਗਈ। ਇਸ ਮੌਕ ਡਰਿੱਲ ਦੌਰਾਨ ਵੱਖ-ਵੱਖ ਵਿਭਾਗਾਂ ਦੇ ਤਾਲਮੇਲ ਨਾਲ ਅੱਗ ਬੁਝਾਊ ਕਾਰਵਾਈਆਂ, ਖੋਜ ਅਤੇ ਰਾਹਤ ਕਾਰਜਾਂ ਤੋਂ ਇਲਾਵਾ ਜ਼ਖ਼ਮੀਆਂ ਨੂੰ ਫਸਟ ਏਡ ਦੇਣ ਅਤੇ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਦਾ ਅਭਿਆਸ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰਿਹਰਸਲ ਵਿੱਚ ਐੱਨਸੀਸੀ ਦੇ ਵਿਦਿਆਰਥੀਆਂ, ਸਿਵਲ ਡਿਫੈਂਸ ਕਰਮਚਾਰੀਆਂ, ਸਿਹਤ ਅਤੇ ਪੁਲਿਸ ਵਿਭਾਗ ਨੇ ਅਧਿਕਾਰੀਆਂ/ਕਰਮਚਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਜਾਨੀ-ਮਾਲੀ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਅਭਿਆਸ ਦੇ ਅਖੀਰ ਵਿੱਚ ਦੋ ਮਿੰਟ ਲਈ ਲਗਾਤਾਰ ਉੱਚ ਧੁਨੀ ਵਾਲਾ ‘ਆਲ ਕਲੀਅਰ’ ਸਾਇਰਨ ਵਜਾਇਆ ਗਿਆ, ਜਿਸ ਨਾਲ ਇਹ ਮੌਕ ਡਰਿੱਲ ਸਫਲਤਾਪੂਰਵਕ ਸਮਾਪਤ ਹੋਈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਅਭਿਆਸ ਸਿਰਫ਼ ਸੁਰੱਖਿਆ ਪਰਖ ਲਈ ਹੁੰਦੇ ਹਨ, ਇਸ ਲਈ ਘਬਰਾਉਣ ਦੀ ਬਜਾਏ ਇਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਇਸ ਅਭਿਆਸ ਦੌਰਾਨ ਜਿੱਥੇ ਆਮ ਲੋਕਾਂ ਨੇ ਆਪਣੀਆਂ ਗੈਰ-ਜ਼ਰੂਰੀ ਬੱਤੀਆਂ ਬੰਦ ਰੱਖ ਕੇ ਪ੍ਰਸ਼ਾਸਨ ਦਾ ਸਾਥ ਦਿੱਤਾ, ਉੱਥੇ ਹੀ ਜ਼ਰੂਰੀ ਸੇਵਾਵਾਂ ਨੂੰ ਲਗਾਤਾਰ ਜਾਰੀ ਰੱਖਿਆ ਗਿਆ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।