ਭਾਜਪਾ ਦੀ ਦਲ ਬਦਲੂ ਨੀਤੀ ਬਰਦਾਸ਼ਤ ਨਹੀਂ : ਐਡਵੋਕੇਟ ਚੰਦੀ
ਭਾਜਪਾ ਦੀ ਦਲ ਬਦਲੀ ਨੀਤੀ ਬਰਦਾਸ਼ਤ ਨਹੀਂ : ਐਡਵੋਕੇਟ ਚੰਦੀ
Publish Date: Sun, 26 Apr 2026 10:10 PM (IST)
Updated Date: Sun, 26 Apr 2026 10:13 PM (IST)

ਆਪ ਆਗੂਆਂ ਨੇ ਰਾਘਵ ਚੱਢਾ ਸਮੇਤ ਰਾਜ ਸਭਾ ਮੈਂਬਰਾਂ ਦਾ ਫੂਕਿਆ ਪੁਤਲਾ, ਕੀਤਾ ਰੋਸ ਵਿਖਾਵਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਰਾਸਤੀ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਬਾਈਪਾਸ ਵਿਖੇ ਆਮ ਆਦਮੀ ਪਾਰਟੀ ਨਾਲ ਗੱਦਾਰੀ ਕਰਕੇ ਭਾਜਪਾ ਦੀ ਕੁੱਛੜ ਜਾ ਬੈਠੇ ਰਾਘਵ ਚੱਢਾ ਸਮੇਤ ਰਾਜ ਸਭਾ ਦੇ ਮੈਂਬਰਾਂ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਦਿਆਂ ਪੁਤਲਾ ਫੂਕਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਚੰਦੀ ਨੇ ਕਿਹਾ ਕਿ ਪਾਰਟੀ ਲੀਡਰ ਦੀ ਮਾਂ ਹੁੰਦੀ ਏ, ਜਿਹੜਾ ਲੀਡਰ ਆਪਣੀ ਮਾਂ ਦੀ ਗੋਦੀ ਵਿਚ ਪਲ ਕੇ, ਵੱਡਾ ਹੋ ਕੇ ਉਸਨੂੰ ਹੀ ਛੱਡ ਕੇ ਚਲਿਆ ਜਾਵੇ ਉਹ ਗੱਦਾਰ ਨਹੀਂ ਤਾਂ ਹੋਰ ਕੀ ਹੋ ਸਕਦੈ। ਉਨ੍ਹਾਂ ਕਿਹਾ ਕਿ ਅੱਜ ਅਜਿਹੇ ਗੱਦਾਰ ਲੀਡਰਾਂ ਨੂੰ ਇਹ ਭੁਲੇਖਾ ਹੈ ਕਿ ਸ਼ਾਇਦ ਉਹ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਤੋੜ ਲੈਣਗੇ ਪ੍ਰੰਤੂ ਨਹੀਂ ਇਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੋਚ ਵਿਚੋਂ ਨਿਕਲੀ ਪਾਰਟੀ ਹੈ, ਜੋ ਇਹੋ-ਜਿਹੇ ਹਲਾਤਾਂ ਨਾਲ ਨਜਿੱਠਣਾ ਚੰਗੀ ਤਰ੍ਹਾਂ ਜਾਣਦੀ ਹੈ। ਉਨ੍ਹਾਂ ਨੇ ਭਾਜਪਾ ’ਤੇ ਤਿੱਖੇ ਵਾਰ ਕਰਦਿਆਂ ਇਸ ਨੂੰ ਦੇਸ਼ ਦੀ ਰਾਜਨੀਤੀ ਦਾ ਸਭ ਤੋਂ ਘਟੀਆ ਅਧਿਆਏ ਦੱਸਿਆ। ਐਡਵੋਕੇਟ ਚੰਦੀ ਨੇ ਕਿਹਾ ਕਿ ਆਪ ਸਾਂਸਦਾਂ ਦਾ ਭਾਜਪਾ ਵਿਚ ਸ਼ਾਮਲ ਹੋਣਾ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਕਿਾ ਕਿ ਸਾਂਸਦ ਬੀਤੇ ਦਿਨ ਭਾਜਪਾ ਵਿਚ ਸ਼ਾਮਲ ਹੋਏ ਸਨ ਤੇ ਪੰਜਾਬ ਭਰ ਦੇ ਵਰਕਰ ਅੱਜ ਇਸ ਦੇ ਵਿਰੋਧ ਵਿਚ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਅਸੀਂ ਭਾਜਪਾ ਦੀਆਂ ਨੀਤੀਆਂ ਤੇ ਦਲ ਬਦਲੂ ਦੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਾਂਸਦਾਂ ਦੇ ਪੱਖ ਬਦਲਣ ਦਾ ਜਵਾਬ ਦੇਣ ਲਈ ਵਰਕਰ ਅੱਜ ਸੜਕਾਂ ’ਤੇ ਉਤਰ ਆਇਆ ਹੈ। ਉਨ੍ਹਾਂ ਕਿਹਾ ਇਹ ਕੋਈ ਸਵੈ-ਇੱਛੁਕ ਰਲੇਵਾਂ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ਵਿਚ ਚਲਾਇਆ ਗਿਆ ਆਪਰੇਸ਼ਨ ਲੋਟਸ ਹੈ। ਭਾਜਪਾ ਨੇ ਡਰਾ-ਧਮਕਾ ਕੇ ਤੇ ਲਾਲਚ ਦੇ ਕੇ ਸਾਡੇ ਮੈਂਬਰਾਂ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੱਤਾਂ ਮੈਂਬਰਾਂ ਨੇ ਪੰਜਾਬ ਦੇ ਫਤਵੇ ਦਾ ਅਪਮਾਨ ਕੀਤਾ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਪੰਜਾਬੀ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਇਤਿਹਾਸ ਇਨ੍ਹਾਂ ਨੂੰ ਗਦਾਰ ਵਜੋਂ ਯਾਦ ਰੱਖੇਗਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਚੋਣਾਂ ਜਿੱਤਣ ਵਿਚ ਨਾਕਾਮ ਰਹਿਣ ਤੋਂ ਬਾਅਦ ਹੁਣ ਚੁਣੇ ਹੋਏ ਨੁਮਾਇੰਦਿਆਂ ਨੂੰ ਖਰੀਦ ਕੇ ਲੋਕਤੰਤਰ ਨੂੰ ਖਤਮ ਕਰ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਤੇ ਵਰਕਰ ਮੌਜੂਦ ਰਹੇ।