ਭਗਵੰਤ ਮਾਨ ਨਸ਼ੇ ਨਾਲ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਲੈਣ : ਖੋਜੇਵਾਲ
ਭਗਵੰਤ ਮਾਨ ਨਸ਼ੇ ਨਾਲ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਲੈਣ : ਖੋਜੇਵਾਲ
Publish Date: Mon, 27 Apr 2026 08:38 PM (IST)
Updated Date: Mon, 27 Apr 2026 08:40 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਜ ਭਾਜਪਾ ਨੇ ਸੂਬਾ ਸਰਕਾਰ ਨੂੰ ਨਸ਼ਿਆਂ ਦੇ ਮਾਮਲੇ ਵਿਚ ਘੇਰਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਆਪ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਅਨੇਕਾਂ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਤਾਜੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਗਾਜ਼ੀਪੁਰ ਤੋਂ ਇਕ ਵਾਰ ਫਿਰ ਦਿਲ ਦਹਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿਥੇ ਨਸ਼ੇ ਦੇ ਕਹਿਰ ਨੇ ਇਕ ਹੋਰ ਮਾਂ ਦਾ ਘਰ ਉਜਾੜ ਦਿੱਤਾ। ਇਕ ਮਾਂ ਜਿਸਦੇ ਪਹਿਲਾਂ ਹੀ ਇਕ ਪੁੱਤ ਨੂੰ ਨਸ਼ੇ ਨੇ ਨਿਗਲ ਲਿਆ ਸੀ, ਹੁਣ 6 ਮਹੀਨੇ ਦੇ ਅੰਦਰ ਹੀ ਦੂਜੇ ਜਵਾਨ ਪੁੱਤ ਨੂੰ ਰੋਣ ਲਈ ਮਜਬੂਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 1000 ਦੇ ਵਿਚਕਾਰ ਹੋਵੇਗੀ, ਪਰ ਕਈ ਪਰਿਵਾਰ ਕਾਰਨ ਨਹੀਂ ਦੱਸਦੇ। ਭਾਜਪਾ ਆਗੂਆਂ ਦੇ ਨਾਲ ਪਿੰਡ ਗਾਜ਼ੀਪੁਰ ਵਿਖੇ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਕਿਹਾ ਕਿ ਪੰਜਾਬ ’ਚੋਂ ਨਸ਼ਾ ਖਤਮ ਕਰਨ ਦੇ ਚੋਣ ਵਾਅਦੇ ਨਾਲ ਸੱਤਾ ’ਚ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਾਂ ਕੀ ਖਤਮ ਕਰਨਾ ਸੀ, ਸਗੋਂ ਉਨ੍ਹਾਂ ਦੇ ਰਾਜ ’ਚ ਨਸ਼ਾ ਹੁਣ ਮਹਾਮਾਰੀ ਦਾ ਰੂਪ ਧਾਰ ਚੁੱਕਿਆ ਹੈ, ਜਿਸ ਨੇ ਪਿਛਲੇ 20 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਖੋਜੇਵਾਲ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਆਪ ਸਰਕਾਰ ਦਾ ਨਸ਼ਾ ਵਿਰੋਧੀ ਆਪ੍ਰੇਸ਼ਨ ਸੂਬੇ ’ਚ ਗਤੀ ਹਾਸਲ ਕਰਨ ’ਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈ ਮੌਤਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਪ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੀ ਹਾਲਾਤ ਸੁਧਰਨ ਦੀ ਬਜਾਏ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ 15 ਅਗਸਤ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਅਗਲੇ ਸਾਲ ਇਸ ਸਮੇਂ ਤੱਕ ਪੰਜਾਬ ਵਿਚੋਂ ਹੈਰੋਇਨ ਦਾ ਖਾਤਮਾ ਕਰ ਦਿੱਤਾ ਜਾਵੇਗਾ ਪਰ ਅਜਿਹਾ ਚਾਰ ਸਾਲਾਂ ਵਿਚ ਹੋ ਨਹੀਂ ਸਕਿਆ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਮੰਡਲ ਪ੍ਰਧਾਨ ਰਾਕੇਸ਼ ਪੂਰੀ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਯੂਥ ਭਾਜਪਾ ਸੁਲਤਾਨਪੁਰ ਲੋਧੀ ਦੇ ਸ਼ਹਿਰੀ ਪ੍ਰਧਾਨ ਵਿਨੀ ਸ਼ਰਮਾ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਰਵਿੰਦਰ ਜੈਨ, ਹਿਊਮਨ ਰਾਈਟਸ ਸੈੱਲ ਦੇ ਰਾਜਿੰਦਰ ਕੁਮਾਰ ਬਿਸ਼ਟ, ਪ੍ਰਿੰਸ ਗਾਜ਼ੀਪੁਰ ਆਦਿ ਹਾਜ਼ਰ ਸਨ।