ਸੰਘਰਸ਼ ਕਰ ਰਹੇ ਕਾਰਪੋਰੇਸ਼ਨ ਮੁਲਾਜਮਾ ਦੀ ਸਾਰ ਲਵੇ ਭਗਵੰਤ ਮਾਨ ਸਰਕਾਰ : ਅਨੀਤਾ ਸੋਮ ਪ੍ਰਕਾਸ਼
ਸੰਘਰਸ਼ ਕਰ ਰਹੇ ਕਾਰਪੋਰੇਸ਼ਨ ਮੁਲਾਜਮਾ ਦੀ ਸਾਰ ਲਵੇ ਭਗਵੰਤ ਮਾਨ ਸਰਕਾਰ - ਅਨੀਤਾ ਸੋਮ ਪ੍ਰਕਾਸ਼
Publish Date: Thu, 21 May 2026 07:04 PM (IST)
Updated Date: Thu, 21 May 2026 07:07 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿਛਲੇ ਕਰੀਬ ਦੋ ਹਫਤੇ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਾਰਪੋਰੇਸ਼ਨ ਦਫਤਰ ਦੇ ਬਾਹਰ ਭਖ਼ਦੀ ਗਰਮੀ ‘ਚ ਧਰਨੇ ’ਤੇ ਬੈਠੇ ਨਗਰ ਨਿਗਮ ਫਗਵਾੜਾ ਦੇ ਕਰਮਚਾਰੀਆਂ ਨਾਲ ਅੱਜ ਸਮਾਜ ਸੇਵਿਕਾ ਅਨੀਤਾ ਕੈਂਥ ਪਤਨੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਧਰਨੇ ਵਿਚ ਸ਼ਾਮਲ ਹੋ ਕੇ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿਥੇ ਧਰਨਾਕਾਰੀਆਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ, ਉਥੇ ਹੀ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਅੱਗ ਵਰਗੀ ਗਰਮੀ ‘ਚ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕਰਦੇ ਹੋਏ ਉਨ੍ਹਾਂ ਦੀ ਸਾਰ ਲਈ ਜਾਵੇ ਤੇ ਜਾਇਜ਼ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਪ੍ਰਵਾਣ ਕੀਤਾ ਜਾਵੇ। ਇਸ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਪੰਜਾਬ ਦੀ ਬਦਕਿਸਮਤੀ ਹੈ ਕਿ ਭਗਵੰਤ ਮਾਨ ਵਰਗਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਹੈ, ਜਿਸਨੇ ਕਾਰਪੋਰੇਸ਼ਨ ਮੁਲਾਜ਼ਮਾਂ ਨੂੰ ਪੂਰੇ ਪੰਜ ਸਾਲ ਲਾਰਿਆਂ ਵਿਚ ਰੱਖਿਆ ਜਦਕਿ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਬਤੌਰ ਫਗਵਾੜਾ ਦੇ ਵਿਧਾਇਕ ਤੇ ਮੰਤਰੀ ਰਹਿੰਦਿਆਂ ਕੱਚੇ ਸਫਾਈ ਸੇਵਕਾਂ ਨੂੰ ਪਹਿਲ ਦੇ ਅਧਾਰ ’ਤੇ ਪੱਕਾ ਕਰਵਾਇਆ, ਸ਼ਹਿਰ ਨੂੰ ਖੂਬਸੂਰਤ ਬਨਾਉਣ ਲਈ ਨਵੇਂ ਪ੍ਰੋਜੈਕਟ ਲਿਆਂਦੇ, ਕਾਰਪੋਰੇਸ਼ਨ ਨੂੰ ਸਫਾਈ ਉਪਕਰਣ ਦਿੱਤੇ, ਬੰਗਾ ਰੋਡ ‘ਤੇ ਮਲਟੀ ਸਟੋਰੀ ਪਾਰਕਿੰਗ ਬਣਵਾਈ, ਜੀਟੀ ਰੋਡ ‘ਤੇ ਆਡੀਟੋਰੀਅਮ ਬਣਵਾਇਆ ਤੇ ਫਗਵਾੜਾ ਦੇ ਰੇਲਵੇ ਸਟੇਸ਼ਨ ਨੂੰ ਵੀ ਖੂਬਸੂਰਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲਈ ਇਸ ਤੋਂ ਜਿਆਦਾ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਜੋ ਮੁੱਖ ਮੰਤਰੀ ਦਿਨ-ਰਾਤ ਯੁੱਧ ਨਸ਼ਿਆਂ ਵਿਰੁੱਧ ਦਾ ਰਾਗ ਅਲਾਪਦਾ ਹੈ, ਉਹ ਖੁਦ ਸਰੇਆਮ ਵਿਧਾਨਸਭਾ ਵਿਚ ਸ਼ਰਾਬ ਪੀ ਕੇ ਪਹੁੰਚ ਜਾਂਦਾ ਹੈ। ਸਾਬਕਾ ਮੇਅਰ ਖੋਸਲਾ ਨੇ ਕਾਰਪੋਰੇਸ਼ਨ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਅਗਲੀਆਂ ਵਿਧਾਨਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਬਿਲਕੁਲ ਮੂੰਹ ਨਾ ਲਗਾਇਆ ਜਾਵੇ ਤੇ ਭਾਜਪਾ ਦੇ ਹੱਥ ਮਜ਼ਬੂਤ ਕੀਤੇ ਜਾਣ ਤਾਂ ਜੋ ਪੰਜਾਬ ‘ਚ ਵੀ ਭਾਜਪਾ ਦੀ ਡਬਲ ਇੰਜਨ ਸਰਕਾਰ ਕਾਇਮ ਹੋਵੇ ਤੇ ਕਾਰਪੋਰੇਸ਼ਨ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੁਸ਼ਕਿਲਾਂ ਦਾ ਢੁਕਵਾ ਹਲ ਕਰਵਾ ਕੇ ਭਾਜਪਾ ਦੇ ਰਾਜ ਵਾਲੇ ਹੋਰਨਾਂ ਸੂਬਿਆਂ ਦੀ ਤਰ੍ਹਾਂ ਪੰਜਾਬ ਨੂੰ ਵੀ ਤਰੱਕੀ ਦੀਆਂ ਉਚਾਈਆਂ ’ਤੇ ਲਿਜਾਇਆ ਜਾ ਸਕੇ। ਇਸ ਮੌਕੇ ਰੀਨਾ ਖੋਸਲਾ, ਨਿੱਕੀ ਸ਼ਰਮਾ, ਜਸਵਿੰਦਰ ਕੌਰ ਸਾਬਕਾ ਕੌਂਸਲਰ, ਬੀਰਾ ਰਾਮ ਵਲਜੋਤ ਕੌਂਸਲਰ, ਮਨਿੰਦਰ ਕੌਰ, ਵਿਸ਼ਾਲ ਘਈ, ਰੋਸ਼ਨ ਲਾਲ ਸੇਠੀ, ਧਰਮਵੀਰ ਸੇਠੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਧਰਨਾਕਾਰੀ ਕਾਰਪੋਰੇਸ਼ਨ ਮੁਲਾਜ਼ਮ ਹਾਜ਼ਰ ਸਨ।