ਬੇਬੇ ਨਾਨਕੀ ਕਾਲਜ ਦੀ ਕੋਮਲਪ੍ਰੀਤ ਨੇ ਮਾਰੀ ਬਾਜ਼ੀ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਂਗਾ: ਬੀ. ਕਾਮ ਪੰਜਵੇਂ ਸਮੈਸਟਰ ’ਚ ਕੋਮਲਪ੍ਰੀਤ ਨੇ ਮਾਰੀ ਬਾਜ਼ੀ
Publish Date: Tue, 05 May 2026 08:06 PM (IST)
Updated Date: Tue, 05 May 2026 08:08 PM (IST)
ਯੂਨੀਵਰਸਿਟੀ ’ਚ ਹਾਸਲ ਕੀਤਾ ਦੂਜਾ ਸਥਾਨ
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ
ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ), ਫੱਤੂਢੀਂਗਾ ਨੇ ਇਕ ਵਾਰ ਫਿਰ ਆਪਣੀ ਅਕਾਦਮਿਕ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਬੀਕਾਮ ਪੰਜਵੇਂ ਸਮੈਸਟਰ ਦੇ ਨਤੀਜਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾ ਸਿਰਫ਼ ਕਾਲਜ ਦਾ ਨਾਮ ਰੌਸ਼ਨ ਕੀਤਾ, ਸਗੋਂ ਯੂਨੀਵਰਸਿਟੀ ਪੱਧਰ ’ਤੇ ਵੀ ਆਪਣੀ ਮਜ਼ਬੂਤ ਪਹਿਚਾਣ ਬਣਾਈ। ਇਸ ਸ਼ਾਨਦਾਰ ਪ੍ਰਦਰਸ਼ਨ ਦਾ ਕੇਂਦਰ ਰਹੀ ਕੋਮਲਪ੍ਰੀਤ, ਜਿਸ ਨੇ 8.43 ਐੱਸਜੀਪੀਏ ਹਾਸਲ ਕਰਕੇ ਯੂਨੀਵਰਸਿਟੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਹ ਉਪਲਬਧੀ ਸਿਰਫ਼ ਉਸਦੀ ਨਿੱਜੀ ਮਿਹਨਤ ਦਾ ਨਤੀਜਾ ਨਹੀਂ, ਸਗੋਂ ਕਾਲਜ ਦੇ ਉੱਚ ਸਿੱਖਿਆ ਮਿਆਰ ਤੇ ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਦਾ ਵੀ ਪ੍ਰਤੀਕ ਹੈ। ਇਸ ਤੋਂ ਇਲਾਵਾ ਦੀਕਸ਼ਾ ਰਾਣੀ ਨੇ 7.86 ਐੱਸਜੀਪੀਏ ਤੇ ਜੈਸਮੀਨ ਕੌਰ ਨੇ 7.71 ਐੱਸਜੀਪੀਏ ਹਾਸਲ ਕਰਕੇ ਆਪਣੀ ਲਗਨ ਅਤੇ ਮਿਹਨਤ ਦਾ ਸ਼ਾਨਦਾਰ ਸਬੂਤ ਦਿੱਤਾ। ਇਹ ਨਤੀਜੇ ਕਾਲਜ ਵਿੱਚ ਉੱਚ ਦਰਜੇ ਦੇ ਅਕਾਦਮਿਕ ਮਾਹੌਲ ਨੂੰ ਸਪੱਸ਼ਟ ਕਰਦੇ ਹਨ, ਜਿਥੇ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪੂਰਾ ਮੌਕਾ ਅਤੇ ਮਦਦ ਮਿਲਦੀ ਹੈ । ਕਾਲਜ ਦੇ ਮਾਣਯੋਗ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਦੀ ਇਸ ਵੱਡੀ ਕਾਮਯਾਬੀ ’ਤੇ ਖੁਸ਼ੀ ਪ੍ਰਗਟਾਈ। ਇਸ ਮੌਕੇ ਕਲਾਸ ਇੰਚਾਰਜ ਪ੍ਰੋਫੈਸਰ ਰਾਜਬੀਰ ਕੌਰ ਨੇ ਵਿਦਿਆਰਥੀਆਂ ਦੀ ਸਫਲਤਾ ਨੂੰ ਉਨ੍ਹਾਂ ਦੀ ਲਗਨ ਤੇ ਨਿਰੰਤਰ ਮਿਹਨਤ ਦਾ ਨਤੀਜਾ ਦੱਸਿਆ। ਕਾਮਰਸ ਵਿਭਾਗ ਦੇ ਮੁਖੀ ਪ੍ਰੋਫੈਸਰ ਪ੍ਰਭਜੋਤ ਕੌਰ ਨੇ ਕਿਹਾ ਕਿ ਇਹ ਉਪਲਬਧੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਨਗੀਆਂ। ਪ੍ਰੋਫੈਸਰ ਜੀਤਨ ਨੇ ਵੀ ਵਿਦਿਆਰਥੀਆਂ ਦੀ ਪ੍ਰਗਤੀ ’ਤੇ ਸੰਤੋਖ ਜਤਾਇਆ।