ਸੜਕ ਕੰਢੇ ਉੱਗੀ ਭੰਗ ਬਣੀ ਚਿੰਤਾ ਦਾ ਕਾਰਣ
ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ ਕਿਨਾਰੇ ਉੱਗੀ ਭੰਗ ਦੀ ਬੂਟੀ ਬਣੀ ਚਿੰਤਾ ਦਾ ਕਾਰਣ
Publish Date: Sat, 16 May 2026 07:13 PM (IST)
Updated Date: Sat, 16 May 2026 07:15 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜਿਥੇ ਪੰਜਾਬ ਵਿਚ ਨਸ਼ਿਆਂ ਦੇ ਕਾਰੋਬਾਰ ਨੇ ਪਹਿਲਾਂ ਹੀ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਮੁਹਿੰਮ ਚਲਾ ਕੇ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਇਸ ਮੁਹਿੰਮ ਨਾਲ ਪਹਿਲਾਂ ਦੇ ਮੁਕਾਬਲੇ ਨਸ਼ਿਆਂ ਉੱਤੇ ਕਾਫੀ ਹੱਦ ਤੱਕ ਰੋਕ ਲੱਗੀ ਹੈ, ਪਰ ਦੂਜੇ ਪਾਸੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਨੂੰ ਜਾਣ ਵਾਲੀ ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ ਦੇ ਕਿਨਾਰਿਆਂ ’ਤੇ ਵੱਡੀ ਮਾਤਰਾ ਵਿਚ ਉੱਗੀ ਭੰਗ ਦੀ ਬੂਟੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਲਾਕੇ ਦੇ ਲੋਕਾਂ ਅਨੁਸਾਰ ਕਈ ਨਸ਼ਾ ਕਰਨ ਵਾਲੇ ਵਿਅਕਤੀ ਇਨ੍ਹਾਂ ਭੰਗ ਦੇ ਬੂਟਿਆਂ ਨੂੰ ਨਸ਼ੇ ਲਈ ਇਸਤੇਮਾਲ ਕਰਦੇ ਨਜ਼ਰ ਆਉਂਦੇ ਹਨ, ਜਿਸ ਨਾਲ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ’ਤੇ ਵੀ ਮਾੜਾ ਅਸਰ ਪੈਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਾਮਲਾ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੇ ਧਿਆਨ ਤੋਂ ਬਾਹਰ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਹਰ ਰੋਜ਼ ਦੂਰ-ਦੁਰਾਡੇ ਇਲਾਕਿਆਂ ਤੋਂ ਗੁਰੂ ਘਰ ਦੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਜਦੋਂ ਇਹ ਸੰਗਤਾਂ ਰਸਤੇ ਵਿਚ ਸੜਕਾਂ ਦੇ ਕਿਨਾਰਿਆਂ ਤੇ ਉੱਗੀ ਭੰਗ ਦੀ ਬੂਟੀ ਵੇਖਦੀਆਂ ਹਨ ਤਾਂ ਉਨ੍ਹਾਂ ਦੇ ਮਨਾਂ ਵਿਚ ਨਿਰਾਸ਼ਾ ਪੈਦਾ ਹੁੰਦੀ ਹੈ। ਇਸ ਸਬੰਧੀ ਜਦੋਂ ਪੀਡਬਲਯੂ ਵਿਭਾਗ ਸੁਲਤਾਨਪੁਰ ਲੋਧੀ ਦੇ ਐੱਸਡੀਓ ਵਿਵੇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਹੁਣ ਮਾਮਲਾ ਧਿਆਨ ਵਿਚ ਆ ਗਿਆ ਹੈ ਤੇ ਸਵੇਰੇ ਹੀ ਕਰਮਚਾਰੀ ਦੀ ਡਿਊਟੀ ਲਗਾ ਕੇ ਬੇਬੇ ਨਾਨਕੀ ਜੀ ਸੜਕ ਦੇ ਦੋਨਾਂ ਪਾਸਿਆਂ ’ਤੇ ਉੱਗੀ ਭੰਗ ਦੀ ਬੂਟੀ ਨੂੰ ਸਾਫ ਕਰਵਾ ਦਿੱਤਾ ਜਾਵੇਗਾ।