ਬਜਰੰਗ ਦਲ ਦਾ ਸੂਬਾਈ ਸਿਖਲਾਈ ਕੈਂਪ 2 ਜੂਨ ਨੂੰ : ਗਰਗ
ਬਜਰੰਗ ਦਲ ਦਾ ਸੂਬਾਈ ਸਿਖਲਾਈ ਕੈਂਪ 2 ਜੂਨ ਨੂੰ ਫਿਰੋਜ਼ਪੁਰ ਛਾਉਣੀ ਦੇ ਸ਼੍ਰੀ ਰਾਮ ਬਾਗ ਵਿਖੇ ਆਯੋਜਿਤ ਕੀਤਾ ਜਾਵੇਗਾ-ਮੋਹਿਤ ਗਰਗ
Publish Date: Sat, 02 May 2026 09:54 PM (IST)
Updated Date: Sat, 02 May 2026 09:56 PM (IST)

--ਬਜਰੰਗ ਦਲ ਦਾ ਉਦੇਸ਼ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ’ਚ ਭਾਈਵਾਲ ਬਣਾਉਣਾ --ਕਪੂਰਥਲਾ ਤੋਂ ਬਜਰੰਗ ਦਲ ਦੇ ਵਰਕਰ ਵੱਡੀ ਗਿਣਤੀ ’ਚ ਲੈਣਗੇ ਹਿੱਸਾ-ਨਰੇਸ਼ ਪੰਡਿਤ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬਜਰੰਗ ਦਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ, ਗਊਆਂ ਦੀ ਸੇਵਾ ਕਰਨ, ਹਿੰਦੂ ਧਰਮ ਦੀ ਰੱਖਿਆ ਕਰਨ, ਸਰੀਰਕ ਤੰਦਰੁਸਤੀ ਤੇ ਅਨੁਸ਼ਾਸਨ ਸਿਖਲਾਈ ਵਿਕਸਤ ਕਰਨ ਲਈ ਇਕ ਸੂਬਾਈ ਬਹਾਦਰੀ ਸਿਖਲਾਈ ਕੈਂਪ ਦਾ ਆਯੋਜਨ ਕਰੇਗਾ। ਇਹ ਗੱਲ ਬਜਰੰਗ ਦਲ ਪੰਜਾਬ ਪ੍ਰਾਂਤ ਦੇ ਪ੍ਰਧਾਨ ਮੋਹਿਤ ਗਰਗ ਨੇ ਕਪੂਰਥਲਾ ਵਿਚ ਵੀਐੱਚਪੀ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਦੇ ਨਿਵਾਸ ਸਥਾਨ ਤੇ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਹੀ। ਉਨ੍ਹਾਂ ਦੱਸਿਆ ਕਿ ਬਜਰੰਗ ਦਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2 ਜੂਨ 2026 ਤੋਂ ਦੁਪਹਿਰ 9 ਜੂਨ 2026 ਤੱਕ ਫਿਰੋਜ਼ਪੁਰ ਛਾਉਣੀ ਦੇ ਸ਼੍ਰੀ ਰਾਮ ਬਾਗ ਵਿਖੇ ਇਸ ਸੂਬਾਈ ਬਹਾਦਰੀ ਸਿਖਲਾਈ ਕੈਂਪ ਦਾ ਆਯੋਜਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੱਤ ਦਿਨਾਂ ਕੈਂਪ ਨੌਜਵਾਨਾਂ ਨੂੰ ਯੋਗਾ, ਸਰੀਰਕ ਅਭਿਆਸ, ਮਾਰਸ਼ਲ ਆਰਟਸ ਤੇ ਬੌਧਿਕ ਸੈਸ਼ਨਾਂ ਰਾਹੀਂ ਸੇਵਾ, ਸੁਰੱਖਿਆ ਤੇ ਕਦਰਾਂ-ਕੀਮਤਾਂ ਦੇ ਸਿਧਾਂਤ ਸਿਖਾਏਗਾ। ਉਨ੍ਹਾਂ ਦੱਸਿਆ ਕਿ ਨੌਜਵਾਨ ਹਿੰਦੂ ਸੱਭਿਆਚਾਰ ਦੀ ਰੱਖਿਆ ਕਰਨ, ਆਪਣੀ ਰੱਖਿਆ ਕਰਨ ਤੇ ਦੇਸ਼ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨ ਲਈ ਤਿਆਰ ਹੋਣਗੇ। ਕੈਂਪ ਦੌਰਾਨ ਉਨ੍ਹਾਂ ਨੂੰ ਤਲਵਾਰਬਾਜ਼ੀ, ਡੰਡਾ ਤੇ ਨਿਹੱਥੇ ਨਿਯੁੱਧ (ਨਿਹੱਥੇ ਲੜਾਈ) ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੈਂਪ ਦੌਰਾਨ ਨੌਜਵਾਨਾਂ ਨਾਲ ਸ਼ਾਨਦਾਰ ਇਤਿਹਾਸ, ਦੇਸ਼ ਭਗਤੀ ਤੇ ਲਵ ਜੇਹਾਦ/ਪਰਿਵਰਤਨ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੱਤ ਦਿਨਾਂ ਸਿਖਲਾਈ ਕੈਂਪ ਵਿਚ ਸੂਬੇ ਦੇ 500 ਦੇ ਕਰੀਬ ਵਰਕਰਾਂ ਨੂੰ ਸਰੀਰਕ ਤੇ ਮਾਨਸਿਕ ਕਸਰਤਾਂ ਦੇ ਨਾਲ-ਨਾਲ ਦੇਸ਼ ਭਗਤੀ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਜਰੰਗ ਦਲ ਸ਼ੌਰਿਆ ਸੂਬਾਈ ਸਿਖਲਾਈ ਕੈਂਪ ਵਿਚ ਸਖ਼ਤ ਰੋਜ਼ਾਨਾ ਰੁਟੀਨ ਵਿਚ ਬਹੁਤ ਮਿਹਨਤ ਤੇ ਸਮਰਪਣ ਨਾਲ ਯੋਗਾਸਨ, ਕਸਰਤ, ਡੰਡ, ਤਲਵਾਰ ਆਦਿ ਦਾ ਸਖ਼ਤ ਅਭਿਆਸ ਕੀਤਾ ਜਾਵੇਗਾ। ਮੋਹਿਤ ਗਰਗ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ ਮਹੱਤਵਪੂਰਨ ਹੈ। ਬਜਰੰਗ ਦਲ ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਸਿਰਫ਼ ਬੋਲਣ ਤੇ ਚੰਗੀ ਸਿੱਖਿਆ ਪ੍ਰਾਪਤ ਕਰਨ ਬਾਰੇ ਨਹੀਂ ਹੈ, ਸਗੋਂ ਰਾਸ਼ਟਰ ਪ੍ਰਤੀ ਪੂਰੀ ਤਰ੍ਹਾਂ ਸਮਰਪਣ ਬਾਰੇ ਵੀ ਹੈ। ਇਸ ਫਲਸਫੇ ਨੂੰ ਧਿਆਨ ਵਿਚ ਰੱਖਦੇ ਹੋਏ ਬਜਰੰਗ ਦਲ ਨੇ ਨੌਜਵਾਨਾਂ ਨੂੰ ਇਕਜੁੱਟ ਕਰਨ ਤੇ ਰਾਸ਼ਟਰ ਨਿਰਮਾਣ ਲਈ ਪ੍ਰੇਰਿਤ ਕਰਨ ਦਾ ਕੰਮ ਕੀਤਾ ਹੈ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਿਹਾ ਕਿ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਬਜਰੰਗ ਦਲ ਦੇ ਵਰਕਰ ਇਸ ਬਹਾਦਰੀ ਸਿਖਲਾਈ ਕਲਾਸ ਵਿਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਨੌਜਵਾਨਾਂ ਲਈ ਬਹੁਤ ਮਹੱਤਵਪੂਰਨ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਬਜਰੰਗ ਦਲ ਦੀ ਸਥਾਪਨਾ ਧਰਮ ਦੀ ਰੱਖਿਆ ਲਈ ਕੀਤੀ ਗਈ ਸੀ। ਬਜਰੰਗ ਦਲ ਨੇ ਰਾਮ ਮੰਦਰ ਅੰਦੋਲਨ ਵਿਚ ਵੱਡੀ ਭੂਮਿਕਾ ਨਿਭਾਈ। ਨਰੇਸ਼ ਪੰਡਿਤ ਨੇ ਇਹ ਵੀ ਕਿਹਾ ਕਿ ਅੱਤਵਾਦ ਦੇ ਖ਼ਤਰੇ ਦੇ ਬਾਵਜੂਦ ਬਜਰੰਗ ਦਲ ਨੇ ਬਰਫ਼ਾਨੀ ਅਮਰਨਾਥ ਯਾਤਰਾ ਨੂੰ ਸਫਲਤਾਪੂਰਵਕ ਸ਼ੁਰੂ ਕੀਤਾ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਸਹਿ-ਮੰਤਰੀ ਅਸ਼ੋਕ ਕੁਮਾਰ, ਜ਼ਿਲ੍ਹਾ ਉਪ ਪ੍ਰਧਾਨ ਮਦਨ ਲਾਲ,ਜ਼ਿਲ੍ਹਾ ਸਤਸੰਗ ਪ੍ਰਮੁੱਖ ਮਨਮੋਹਨ ਜੋਸ਼ੀ, ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਚੰਦਰਮੋਹਨ ਭੋਲਾ, ਪੰਜਾਬ ਰਾਜ ਬਾਲੋਪਾਸਨਾ ਪ੍ਰਮੁੱਖ ਮਨੀਸ਼ ਕੁਮਾਰ ਬਜਰੰਗੀ, ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਪੰਕਜ ਗੋਇਲ, ਜ਼ਿਲ੍ਹਾ ਮੀਤ ਪ੍ਰਧਾਨ ਇਸ਼ਾਂਤ ਮਹਿਰਾ, ਸ਼ਹਿਰੀ ਪ੍ਰਧਾਨ ਮੋਹਿਤ ਜੱਸਲ ਆਦਿ ਮੌਜੂਦ ਸਨ।