ਕਪੂਰਥਲਾ ਦੇ ਪਿੰਡ ’ਚ ਉੱਜੜਿਆ ਇੱਕ ਹੋਰ ਘਰ, 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਦੀ ਸ਼ੰਕਾ
ਕਸਬਾ ਢਿੱਲਵਾਂ ਦੇ ਪਿੰਡ ਚੱਕੋਕੀ ਵਿੱਚ ਦੇਰ ਰਾਤ ਇੱਕ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ, ਹਾਲਾਂਕਿ ਪੁਲਿਸ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਨਿਵਾਸੀ ਪਿੰਡ ਚੱਕੋਕੀ ਵਜੋਂ ਹੋਈ ਹੈ।
Publish Date: Tue, 05 May 2026 04:13 PM (IST)
Updated Date: Tue, 05 May 2026 04:26 PM (IST)

ਜਾਗਰਣ ਸੰਵਾਦਦਾਤਾ, ਢਿੱਲਵਾਂ (ਕਪੂਰਥਲਾ)। ਕਸਬਾ ਢਿੱਲਵਾਂ ਦੇ ਪਿੰਡ ਚੱਕੋਕੀ ਵਿੱਚ ਦੇਰ ਰਾਤ ਇੱਕ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ, ਹਾਲਾਂਕਿ ਪੁਲਿਸ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਨਿਵਾਸੀ ਪਿੰਡ ਚੱਕੋਕੀ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਂਣਾ ਢਿੱਲਵਾਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਜ਼ਿਕਰਯੋਗ ਹੈ ਕਿ ਢਿੱਲਵਾਂ ਇਲਾਕੇ ਵਿੱਚ ਹੁਣ ਤੱਕ ਦੀ ਇਹ ਪੰਜਵੀਂ ਮੌਤ ਹੈ।
ਮ੍ਰਿਤਕ ਸ਼ਮਸ਼ੇਰ ਸਿੰਘ ਦੇ ਭਰਾ ਅਕਾਸ਼ਦੀਪ ਸਿੰਘ ਦੇ ਅਨੁਸਾਰ, ਸ਼ਮਸ਼ੇਰ ਸਿੰਘ ਮੰਗਲਵਾਰ ਨੂੰ ਆਪਣੇ ਸਾਥੀਆਂ ਨਾਲ ਤੂੜੀ ਕੱਟਣ ਦਾ ਕੰਮ ਕਰ ਰਿਹਾ ਸੀ। ਸ਼ਾਮ ਦੇ ਸਮੇਂ ਸਾਰਿਆਂ ਨੇ ਮਿਲ ਕੇ ਕਥਿਤ ਤੌਰ 'ਤੇ ਨਸ਼ਾ ਕੀਤਾ, ਜਿਸ ਤੋਂ ਬਾਅਦ ਸ਼ਮਸ਼ੇਰ ਅਚਾਨਕ ਬੇਹੋਸ਼ ਹੋ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਨੂੰ ਹੋਸ਼ ਵਿੱਚ ਲਿਆਉਣ ਲਈ ਸਾਥੀਆਂ ਨੇ ਉਸ ਦੇ ਚਿਹਰੇ 'ਤੇ ਥੱਪੜ ਮਾਰੇ, ਜਿਸ ਕਾਰਨ ਉਸ ਦਾ ਚਿਹਰਾ ਅਤੇ ਅੱਖਾਂ ਸੁੱਜ ਗਈਆਂ।
ਅਕਾਸ਼ਦੀਪ ਨੇ ਇਹ ਵੀ ਦੱਸਿਆ ਕਿ ਰਾਤ ਕਰੀਬ 8:30 ਵਜੇ ਸ਼ਮਸ਼ੇਰ ਦੇ ਸਾਥੀ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਘਰ ਛੱਡ ਕੇ ਚਲੇ ਗਏ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸੁਭਾਨਪੁਰ ਹਸਪਤਾਲ ਲੈ ਕੇ ਜਾ ਰਹੇ ਸਨ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਤੇ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰਤੀਕਿਰਿਆ ਦਿੰਦਿਆਂ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਦਿਨਾਂ ਵਿੱਚ ਉਨ੍ਹਾਂ ਦੇ ਖੇਤਰ ਵਿੱਚ ਨਸ਼ਿਆਂ ਕਾਰਨ ਇਹ ਪੰਜਵੀਂ ਮੌਤ ਹੈ, ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਸਰਕਾਰ ਨਸ਼ਿਆਂ ਦੇ ਵਧਦੇ ਕਹਿਰ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ।
ਦੂਜੇ ਪਾਸੇ ਸਥਾਨਕ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਅਤੇ ਡਰ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਸ਼ਿਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਪਰਿਵਾਰ ਇਸ ਤਰ੍ਹਾਂ ਦੀ ਤ੍ਰਾਸਦੀ ਦਾ ਸ਼ਿਕਾਰ ਹੋ ਸਕਦੇ ਹਨ। ਥਾਣਾ ਢਿੱਲਵਾਂ ਦੇ ਐੱਸ.ਐੱਚ.ਓ. ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮੌਤ ਨਸ਼ੇ ਕਾਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ, ਇਸ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।