ਵਿਭਾਗੀ ਤਰੱਕੀ ਨੂੰ ਤਰਸੇ ਖੇਤੀਬਾੜੀ ਵਿਕਾਸ ਅਫ਼ਸਰ
ਵਿਭਾਗੀ ਤਰੱਕੀ ਨੂੰ ਤਰਸੇ ਖੇਤੀਬਾੜੀ ਵਿਕਾਸ ਅਫ਼ਸਰ
Publish Date: Thu, 14 May 2026 08:23 PM (IST)
Updated Date: Thu, 14 May 2026 08:24 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਰ ਵਰਗ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਮੁਲਾਜ਼ਮ ਵਰਗ ਨਿਰਾਸ਼ ਪਾਇਆ ਜਾ ਰਿਹਾ। ਅਜਿਹੇ ਹੀ ਹਲਾਤ ਖੇਤੀਬਾੜੀ ਵਿਭਾਗ ਵਿਚ ਬਣੇ ਹੋਏ ਹਨ, ਜਿਥੇ ਖੇਤੀਬਾੜੀ ਵਿਕਾਸ ਅਫ਼ਸਰ ਤੋਂ ਬਤੌਰ ਖੇਤੀਬਾੜੀ ਅਫ਼ਸਰ ਪਦਉਨਤੀ ਲਈ ਜ਼ਰੂਰੀ 6 ਸਾਲ ਦੇ ਉਲਟ 14 ਸਾਲ ਬੀਤਣ ਦੇ ਬਾਵਜੂਦ ਵਿਭਾਗੀ ਤਰੱਕੀ ਦੀ ਉਡੀਕ ਕਰ ਰਹੇ ਹਨ। ਖੇਤੀਬਾੜੀ ਤੇ ਬਾਗਬਾਨੀ ਵਿਕਾਸ ਅਫ਼ਸਰਾਂ ਦੀ ਸਾਂਝੀ ਐਸੋਸੀਏਸ਼ਨ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਡਾ. ਹਰਮਨਦੀਪ ਸਿੰਘ ਘੁੰਮਣ, ਮਨਜਿੰਦਰ ਸਿੰਘ, ਸੁਖਚੈਨ ਸਿੰਘ, ਜਸਪਾਲ ਧੰਜੂ, ਵਿਕਰਾਂਤ, ਸਤਵਿੰਦਰਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਿਚ ਖੇਤੀਬਾੜੀ ਅਫ਼ਸਰ ਦੀਆਂ ਕੁੱਲ ਅਸਾਮੀਆਂ 223 ਵਿਚੋਂ 95 ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਦੱਸਿਆ ਕਿ ਮਾਨਸਾ, ਬਰਨਾਲਾ, ਪਠਾਨਕੋਟ ਜ਼ਿਲ੍ਹਿਆਂ ਵਿਚ ਖੇਤੀਬਾੜੀ ਅਫ਼ਸਰ ਦੀ ਇਕ ਵੀ ਅਸਾਮੀ ਭਰੀ ਨਹੀਂ ਹੋਈ ਤੇ ਬਹੁਤੇ ਜ਼ਿਲ੍ਹਿਆਂ ਵਿਚ ਸਿਰਫ ਇਕ ਹੀ ਖੇਤੀਬਾੜੀ ਅਫ਼ਸਰ ਤਾਇਨਾਤ ਹੈ। ਉਨ੍ਹਾਂ ਆਖਿਆ ਕਿ ਖੇਤੀਬਾੜੀ ਵਿਕਾਸ ਅਫ਼ਸਰਾਂ ਦੀ ਤਰੱਕੀ ਦੇ ਨਾਲ-ਨਾਲ ਪੇ-ਪੈਰਿਟੀ, ਵਿਭਾਗ ਵਿਚ ਖਾਲੀ ਪਈਆਂ ਅਸਾਮੀਆਂ ’ਤੇ ਭਰਤੀ ਆਦਿ ਸਬੰਧੀ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਟਾਲ-ਮਟੋਲ ਕਰਕੇ ਸਮੂਹ ਕੇਡਰ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਕਰਕੇ ਐਸੋਸੀਏਸ਼ਨ ਵੱਲੋਂ ਸੰਘਰਸ਼ ਵਿੱਢਿਆ ਜਾ ਰਿਹਾ, ਜਿਸ ਤਹਿਤ ਮਿਤੀ 15-5-2026 ਤੋਂ ਪੰਜਾਬ ਭਰ ਦੇ ਸਮੂਹ ਖੇਤੀਬਾੜੀ ਤੇ ਬਾਗਬਾਨੀ ਵਿਕਾਸ ਅਫ਼ਸਰ ਆਪੋ-ਆਪਣੇ ਕੰਮਕਾਜ ਵਾਲੀ ਜਗ੍ਹਾ ਫੀਲਡ ਦਫ਼ਤਰ ਆਦਿ ’ਤੇ ਕਾਲੇ ਬਿੱਲੇ ਲਾ ਕੇ ਰੋਸ ਜ਼ਾਹਰ ਕਰਨਗੇ। ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਹੋਰ ਵੱਡੇ ਐਕਸ਼ਨ ਦੇ ਕੇ ਮੰਗਾਂ ਮਨਵਾਉਣ ਤੱਕ ਸੰਘਰਸ਼ ਕੀਤਾ ਜਾਵੇਗਾ।