ਹੁਣ ਪੰਜਾਬ ’ਚ ਕਮਲ ਖਿੜੇਗਾ : ਸ਼ਾਰਦਾ
ਪੱਛਮੀ ਬੰਗਾਲ ’ਚ ਭਾਜਪਾ ਦੀ ਜਿੱਤ ਤੋਂ ਬਾਅਦ, ਹੁਣ ਪੰਜਾਬ ’ਚ ਕਮਲ ਖਿੜੇਗਾ : ਉਮੇਸ਼ ਸ਼ਾਰਦਾ
Publish Date: Tue, 05 May 2026 08:53 PM (IST)
Updated Date: Tue, 05 May 2026 08:56 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੱਛਮੀ ਬੰਗਾਲ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਪਾਰਟੀ ਦਾ ਅਗਲਾ ਮੁੱਖ ਧਿਆਨ ਪੰਜਾਬ ’ਤੇ ਹੈ। ਜਿੱਤ ਦਾ ਜਸ਼ਨ ਮਨਾਉਂਦੇ ਹੋਏ ਪਾਰਟੀ ਵਰਕਰਾਂ ਨੇ ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ ਦਾ ਨਾਅਰਾ ਦਿੱਤਾ ਹੈ। ਭਾਜਪਾ ਨਸ਼ਿਆਂ, ਭ੍ਰਿਸ਼ਟਾਚਾਰ ਤੇ ਗੈਂਗਸਟਰਾਂ ਦੇ ਮੁੱਦੇ ਉਠਾ ਕੇ ਪੰਜਾਬ ਵਿਚ ਇਕੱਲੇ ਚੋਣਾਂ ਲੜਨ ਤੇ ਰੰਗਲਾ ਪੰਜਾਬ ਬਣਾਉਣ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਇਹ ਗੱਲ ਭਾਜਪਾ ਦੇ ਸੂਬਾ ਕਾਰਜਕਾਰਣੀ ਮੈਂਬਰ ਉਮੇਸ਼ ਸ਼ਾਰਦਾ ਨੇ ਮੰਗਲਵਾਰ ਨੂੰ ਭਾਜਪਾ ਦੀ ਜਿੱਤ ਨੂੰ ਇਤਿਹਾਸਕ ਤੇ ਬੇਮਿਸਾਲ ਦੱਸਿਆ। ਉਨ੍ਹਾਂ ਪੱਛਮੀ ਬੰਗਾਲ, ਅਸਾਮ, ਪੁਡੂਚੇਰੀ, ਤਾਮਿਲਨਾਡੂ ਤੇ ਕੇਰਲ ਵਿਚ ਲੋਕਾਂ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੰਤਰ ਨਾਗਰਿਕ ਹੀ ਭਗਵਾਨ ਹਨ ਤੇ ਪਾਰਟੀ ਲੋਕਾਂ ਦੀ ਸੇਵਾ ਲਈ ਸਮਰਪਿਤ ਹੈ। ਸ਼ਾਰਦਾ ਨੇ ਕਿਹਾ ਕਿ ਇਸੇ ਕਰਕੇ ਜਨਤਾ ਪਾਰਟੀ ’ਤੇ ਵੱਧ ਤੋਂ ਵੱਧ ਵਿਸ਼ਵਾਸ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਨਤਾ ਸਪੱਸ਼ਟ ਤੌਰ ’ਤੇ ਦੇਖ ਰਹੀ ਹੈ ਕਿ ਜਿਥੇ ਵੀ ਭਾਜਪਾ ਹੈ, ਉਥੇ ਚੰਗਾ ਸ਼ਾਸਨ ਤੇ ਵਿਕਾਸ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਦੀ ਹਾਲੀਆ ਜਿੱਤ ਤੇ ਦੂਜੇ ਰਾਜਾਂ ਵਿਚ ਲੋਕਾਂ ਦੀ ਸ਼ਕਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ, ਸੁਸ਼ਾਸਨ ਤੇ ਮਜ਼ਬੂਤ ਲੀਡਰਸ਼ਿਪ ਦੀ ਜਿੱਤ ਦਾ ਸਬੂਤ ਹੈ। ਇਹ ਜਿੱਤ ਖਾਸ ਤੌਰ ’ਤੇ ਕੇਂਦਰ ਸਰਕਾਰ ਦੇ ਵਿਕਾਸ ਕਾਰਜਾਂ, ਲੋਕ ਭਲਾਈ ਯੋਜਨਾਵਾਂ ਤੇ ਹਮਲਾਵਰ ਚੋਣ ਰਣਨੀਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਇਕ ਨਵੀਂ ਸਵੇਰ ਆਈ ਹੈ ਤੇ ਲੋਕਾਂ ਨੇ ਭਾਰਤ ਦੇ ਮਹਾਨ ਲੋਕਤੰਤਰ, ਪ੍ਰਦਰਸ਼ਨ ਦੀ ਰਾਜਨੀਤੀ ਅਤੇ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ।