ਜਨਗਣਨਾ ਵਾਲੇ ਕਰਮਚਾਰੀਆਂ ਨੂੰ ਵਿਭਾਗੀ ਡਿਊਟੀ ਤੋਂ ਫਾਰਗ ਕਰੇ ਪ੍ਰਸ਼ਾਸਨ : ਟੂਰਾ
ਜਨ ਗਣਨਾ ਕਰਨ ਲਈ ਨਿਯੁਕਤ ਕਰਮਚਾਰੀਆਂ ਨੂੰ ਵਿਭਾਗੀ ਡਿਊਟੀਆਂ ਤੋਂ ਫਾਰਗ ਕਰੇ ਪ੍ਰਸ਼ਾਸਨ ਟੂਰਾ
Publish Date: Mon, 18 May 2026 08:10 PM (IST)
Updated Date: Mon, 18 May 2026 08:12 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਐੱਸਸੀ/ਬੀਸੀ ਸਮਾਜ ਤੇ ਮੁਲਾਜ਼ਮ ਵਰਗ ਦੀ ਆਵਾਜ਼ ਬੁਲੰਦ ਕਰਨ ਵਾਲੀ ਗਜ਼ਟਿਡ ਤੇ ਨਾਨ-ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਇਕਾਈ ਕਪੂਰਥਲਾ ਦੇ ਪ੍ਰਧਾਨ ਸਤਵੰਤ ਟੂਰਾ, ਮਨਜੀਤ ਗਾਟ, ਲਖਵੀਰ ਚੰਦ, ਵਿਨੋਦ ਕੁਮਾਰ ਤੇ ਬਲਵਿੰਦਰ ਨਿਧੜਕ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲ ਹੀ ਵਿਚ ਪੂਰੇ ਭਾਰਤ ਅੰਦਰ ਮਰਦਮਸ਼ੁਮਾਰੀ ਦਾ ਕੰਮ ਚੱਲ ਰਿਹਾ ਹੈ ਤੇ ਪੰਜਾਬ ਵਿਚ ਇਹ ਕੰਮ 15 ਮਈ ਤੋਂ 13 ਜੂਨ ਤੱਕ ਚੱਲੇਗਾ। ਇਸ ਵਿਚ ਸਭ ਤੋਂ ਵੱਧ ਡਿਊਟੀਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਸਿੱਖਿਆ ਵਿਭਾਗ ਦੇ ਅਧਿਆਪਕਂ ਦੀਆਂ ਲਗਾਈਆਂ ਗਈਆਂ ਹਨ, ਜਿਸ ਦਾ ਸਿੱਧਾ ਅਸਰ ਸਰਕਾਰੀ ਸਕੂਲਾਂ ਵਿਚ ਪੜ ਰਹੇ ਬੱਚਿਆਂ ਦੀ ਪੜ੍ਹਾਈ ਉੱਪਰ ਪਵੇਗਾ ਕਿਉਂਕਿ ਇਕ ਪਾਸੇ ਸਰਕਾਰ ਵੱਲੋਂ ਪੰਜਾਬ ਵਿਚ ਨਗਰ ਨਿਗਮ ਤੇ ਨਗਰ ਪਾਲਿਕਾਵਾਂ ਵਿਚ ਡਿਊਟੀਆਂ ਲਗਾਈਆਂ ਜਾ ਰਹੀਆਂ ਤੇ ਨਾਲ ਹੀ ਐੱਸਆਈਆਰ ਤੇ ਡਰੱਗ ਸਰਵੇ ਦਾ ਕੰਮ ਚੱਲ ਰਿਹਾ ਹੈ ਕਿਉਂਕਿ ਬੀਐੱਲਓ ਵੀ ਜ਼ਿਆਦਾਤਰ ਸਿੱਖਿਆ ਵਿਭਾਗ ਵਿੱਚੋਂ ਹੀ ਲਗਾਏ ਗਏ ਹਨ, ਇਸ ਤੋਂ ਅਜਿਹਾ ਲੱਗਦਾ ਹੈ ਕਿ ਸਰਕਾਰ ਦਾ ਧਿਆਨ ਬੱਚਿਆਂ ਦੀ ਪੜ੍ਹਾਈ ਵੱਲ ਨਹੀਂ ਬਲਕਿ ਗੈਰ-ਵਿਦਿਅਕ ਕੰਮਾਂ ਵੱਲ ਲਗਾ ਕੇ ਗਰੀਬ ਵਰਗ ਦੇ ਵਿਦਿਆਰਥੀ, ਜੋ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਹਨ, ਦੇ ਭਵਿੱਖ ਦੇ ਨਾਲ ਖਿਲਵਾੜ ਕਰਨ ਦਾ ਰਸਤਾ ਅਖਤਿਆਰ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਵੱਲੋਂ ਕਿਹਾ ਕਿ ਇਕ ਪਾਸੇ ਗਰਮੀ ਦਾ ਕਹਿਰ ਦਿਖਾਈ ਦੇ ਰਿਹਾ ਹੈ, ਦੂਜੇ ਪਾਸੇ ਮਰਦਮਸ਼ੁਮਾਰੀ ਵਿਚ ਜੋ ਅਮਲਾ ਲਗਾਇਆ ਗਿਆ ਹੈ, ਉਹ ਸਕੂਲ ਸਮੇਂ ਤੋਂ ਬਾਅਦ ਲੋਕਾਂ ਦੇ ਘਰਾਂ ਦੇ ਦਰਵਾਜੇ ਖੜਕਾਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਈ ਸੁਰੱਖਿਆ ਵੀ ਨਹੀਂ। ਟੂਰਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਸੜਕਾਂ ਬਣਾਉਣ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾ ਸਕਦਾ ਹੈ ਤਾਂ ਮਰਦਮਸ਼ੁਮਾਰੀ ਦਾ ਕੰਮ ਵੀ ਪ੍ਰਾਈਵੇਟ ਏਜੰਸੀ ਕੋਲੋਂ ਕਰਵਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਮਰਦਮਸ਼ੁਮਾਰੀ ਵਿਚ ਲਗਾਏ ਗਏ ਅਮਲੇ ਨੂੰ ਵਿਭਾਗੀ ਡਿਊਟੀਆਂ ਤੋਂ ਫਾਰਗ ਕਰ ਦਿੱਤਾ ਹੈ ਤਾਂ ਕਿ ਉਹ ਸਵੇਰ ਦੇ ਸਮੇਂ ਆਪਣੀ ਡਿਊਟੀ ਠੀਕ ਢੰਗ ਨਾਲ ਕਰ ਸਕਣ ਪਰ ਜ਼ਿਲ੍ਹਾ ਕਪੂਰਥਲਾ ਦੇ ਪ੍ਰਸ਼ਾਸਨ ਵੱਲੋਂ ਆਗੂਆਂ ਨੂੰ ਭਰੋਸਾ ਤਾਂ ਦਿੱਤਾ ਗਿਆ ਪਰ ਅਜੇ ਤੱਕ ਕੋਈ ਵੀ ਲਿਖਤੀ ਆਰਡਰ ਜਾਰੀ ਨਹੀਂ ਕੀਤਾ ਗਿਆ। ਇਸ ਮੌਕੇ ਦਿਨੇਸ਼ ਕੁਮਾਰ, ਅਸ਼ੋਕ ਮੂਲ-ਨਿਵਾਸ, ਜੋਤੀ ਕੁਮਾਰੀ, ਪ੍ਰਦੀਪ ਸਿੰਘ, ਪਰਵੀਨ ਭੁੱਟਾ, ਅਜੇ ਕੁਮਾਰ, ਸੰਦੀਪ ਸਿੰਘ, ਤੇ ਹੋਰ ਬਹੁਤ ਸਾਰੇ ਮਰਦਮਸ਼ੁਮਾਰੀ ਵਿਚ ਲੱਗੇ ਹੋਏ ਕਰਮਚਾਰੀ ਹਾਜ਼ਰ ਸਨ।