ਪ੍ਰਸ਼ਾਸਨ ਤੇ ਚੋਣ ਅਮਲੇ ਨੂੰ ਕੀਤਾ ਰਵਾਨਾ
ਪ੍ਰਸ਼ਾਸਨ ਤੇ ਚੋਣ ਅਮਲੇ ਨੂੰ ਕੀਤਾ ਰਵਾਨਾ
Publish Date: Sat, 13 Dec 2025 07:03 PM (IST)
Updated Date: Sat, 13 Dec 2025 07:06 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪ੍ਰਸ਼ਾਸਨ ਵੱਲੋਂ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਤੋਂ ਵੱਖ-ਵੱਖ ਟੀਮਾਂ ਬਣਾ ਕੇ ਪੋਲਿੰਗ ਬੂਥਾਂ ਲਈ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਐੱਸਡੀਐੱਮ ਜਸ਼ਨਜੀਤ ਸਿੰਘ, ਐੱਸਪੀ ਮਾਧਵੀ ਸ਼ਰਮਾ, ਡੀਐੱਸਪੀ ਭਾਰਤ ਭੂਸ਼ਣ, ਤਹਿਸੀਲਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਚੋਣ ਅਧਿਕਾਰੀਆਂ ਨਾਲ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸੇ ਦੌਰਾਨ ਵੱਖ-ਵੱਖ ਟੀਮਾਂ ਬਣਾ ਕੇ ਪੋਲਿੰਗ ਬੂਥਾਂ ਲਈ ਰਵਾਨਾ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਐੱਸਡੀਐੱਮ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਸਬ-ਡਿਵੀਜ਼ਨ ਫਗਵਾੜਾ ਦੇ 141 ਬੂਥਾਂ ਲਈ ਪੋਲਿੰਗ ਟੀਮਾਂ ਬਣਾ ਕੇ ਰਵਾਨਾ ਕੀਤੀਆਂ ਗਈਆਂ ਹਨ ਤਾਂ ਜੋ ਅਮਨ-ਅਮਾਨ ਨਾਲ ਚੋਣਾਂ ਦੇ ਕਾਰਜ ਨੂੰ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਗਿਣਤੀ ਮੁਤਾਬਕ ਪੋਲਿੰਗ ਪਾਰਟੀ ਵਿਚ ਪੰਜ ਜਾਂ ਚਾਰ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬ-ਡਿਵੀਜ਼ਨ ਫਗਵਾੜਾ ਵਿਚ 20 ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ, ਜਿਨ੍ਹਾਂ ’ਤੇ ਜ਼ਿਆਦਾ ਨਫਰੀ ਲਗਾਈ ਜਾਵੇਗੀ ਤਾਂ ਜੋ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ। ਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੋਲਿੰਗ ਪਾਰਟੀ ਦੇ ਨਾਲ ਲੇਡੀ ਮੁਲਾਜ਼ਮ, ਏਐੱਸਆਈ, ਕਾਂਸਟੇਬਲਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਜਾ ਰਹੀਆਂ ਹਨ। ਇਸ ਮੌਕੇ ਐੱਸਡੀਐੱਮ ਜਸ਼ਨਜੀਤ ਸਿੰਘ, ਐੱਸਪੀ ਮਾਧਵੀ ਸ਼ਰਮਾ, ਡੀਐੱਸਪੀ ਭਾਰਤ ਭੂਸ਼ਣ ਨੇ ਸਬ-ਡਿਵੀਜ਼ਨ ਫਗਵਾੜਾ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਡਰ-ਭੈਅ ਦੇ ਜੋ ਵੀ ਉਨ੍ਹਾਂ ਦੇ ਮੁਤਾਬਕ ਯੋਗ ਉਮੀਦਵਾਰ ਹੋਵੇ, ਉਸ ਨੂੰ ਹੀ ਵੋਟ ਪਾ ਕੇ ਕਾਮਯਾਬ ਬਣਾਉਣ। ਕਿਸੇ ਵੀ ਡਰ ਜਾਂ ਲਾਲਚ ਵਿਚ ਨਾ ਆਉਣ। ਵੋਟ ਪਾਣਾ ਹਰ ਇਕ ਨਾਗਰਿਕ ਦਾ ਪਹਿਲਾ ਫਰਜ਼ ਬਣਦਾ ਹੈ, ਸੋ ਸਭ ਨੂੰ ਘਰਾਂ ’ਚੋਂ ਨਿਕਲ ਕੇ ਆਪਣੀ ਵੋਟ ਦਾ ਪੂਰਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।