ਮੇਲੇ ਦੌਰਾਨ ਹੁਲੜਬਾਜ਼ੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
ਮਾਤਾ ਸ਼੍ਰੀ ਭੱਦਰਕਾਲੀ ਜੀ ਦੇ ਮੇਲੇ ਦੌਰਾਨ ਹੁਲੜਬਾਜੀ ਕਰਨ ਵਾਲਿਆ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ : ਗੁਰਬਚਨ ਸਿੰਘ/ਰੇਸ਼ਮ ਸਿੰਘ
Publish Date: Sun, 10 May 2026 10:07 PM (IST)
Updated Date: Sun, 10 May 2026 10:09 PM (IST)

ਅਮਰੀਕ ਮੱਲ੍ਹੀ/ ਸੁਖਪਾਲ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਹੁਕਮਾਂ ਅਨੁਸਾਰ ਸ਼ਹਿਰ ਵਿਚ ਲਗਾਤਾਰ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਪੂਰਥਲਾ ਦਾ ਪ੍ਰਸਿੱਧ ਤੇ ਇਤਿਹਾਸਕ ਮੇਲਾ ਮਾਤਾ ਸ਼੍ਰੀ ਭੱਦਰਕਾਲੀ ਜੀ ਦਾ ਮੇਲਾ ਅਰੰਭ ਹੋ ਗਿਆ ਹੈ। ਹਰ ਇਕ ਸ਼ਰਧਾਲੂ ਨੂੰ ਸ਼ਰਧਾ ਦੇ ਅਨੁਸਾਰ ਮੰਦਰ ਵਿਚ ਮੱਥਾ ਟੇਕਣ ਦਾ ਹੱਕ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਗੁਰਬਚਨ ਸਿੰਘ ਬੰਗੜ ਰੋਡ ਸੇਫਟੀ ਟੀਮ ਮੈਂਬਰ, ਸਬ ਇੰਸਪੈਕਟਰ ਰੇਸ਼ਮ ਸਿੰਘ ਇੰਚਾਰਜ ਟਰੈਫਿਕ ਕਪੂਰਥਲਾ ਵੱਲੋਂ ਕੀਤਾ ਗਿਆ। ਨੌਜਵਾਨਾਂ ਨੂੰ ਖਾਸ ਤੌਰ ’ਤੇ ਡਿਸਟਰਿਕਟ ਰੋਡ ਸੇਫਟੀ ਟੀਮ ਵੱਲੋਂ ਤੇ ਇੰਚਾਰਜ ਟਰੈਫਿਕ ਕਪੂਰਥਲਾ ਵੱਲੋਂ ਅਪੀਲ ਕੀਤੀ ਗਈ ਹੈ ਕਿ ਅਗਰ ਕੋਈ ਨੌਜਵਾਨ ਵਾਹਨ ਚਾਲਕ ਮੇਲੇ ਦੇ ਦੌਰਾਨ ਕੋਈ ਹੁੱਲੜਬਾਜ਼ੀ ਕਰਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਹੜੇ ਨੌਜਵਾਨ ਆਪਣੇ ਵਾਹਨਾਂ ’ਤੇ ਉੱਚੀ ਆਵਾਜ਼ ਵਾਲੇ ਹਾਰਨ ਤੇ ਸਲੈਂਸਰ, ਪਟਾਕੇ ਮਾਰਨ ਵਾਲੇ ਸਲੈਂਸਰ, ਕਾਲੇ ਸ਼ੀਸ਼ੇ ਵਾਲੇ ਵਾਹਨ ਲਾ ਕੇ ਆਉਣਗੇ ਤਾਂ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲਾਇਸੈਂਸ ਤੋਂ ਬਿਨਾਂ ਕੋਈ ਵੀ ਵਾਹਨ ਨਾ ਚਲਾਇਆ ਜਾਵੇ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਮੋਟਰ ਵਹੀਕਲ ਐਕਟ ਤਹਿਤ (1988, ਸੈਕਸ਼ਨ 199 ਏ) ਮਾਤਾ-ਪਿਤਾ ਤੇ ਵਾਹਨ ਦੇ ਮਾਲਕ ਨੂੰ 3 ਸਾਲ ਤੱਕ ਦੀ ਕੈਦ ਤੇ 25,000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਡਰਾਈਵਰ 25 ਸਾਲ ਦੀ ਉਮਰ ਹੋਣ ਤੱਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ। ਨਾਬਾਲਗ ਵੱਲੋਂ ਵਾਹਨ ਚਲਾਉਣ ਸਮੇਂ ਅਗਰ ਕੋਈ ਚਲਾਨ ਹੁੰਦਾ ਹੈ ਤਾਂ ਮੋਟਰ ਵਾਹਨ ਦੀ ਰਜਿਸਟਰੇਸ਼ਨ ਵੀ ਇਕ ਸਾਲ ਲਈ ਰੱਦ ਕਰ ਦਿੱਤੀ ਜਾਵੇਗੀ। ਮੰਦਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨ ਸਹੀ ਸਥਾਨ ’ਤੇ ਪਾਰਕ ਕੀਤੇ ਜਾਣ। ਇਸ ਮੌਕੇ ਦਵਿੰਦਰਜੀਤ ਸਿੰਘ ਚਾਹਲ ਏਐੱਸਆਈ, ਦਿਲਬਾਗ ਸਿੰਘ ਟਾਂਡੀ ਏਐੱਸਆਈ, ਬਲਵਿੰਦਰ ਸਿੰਘ ਨਟਕਰ ਏਐੱਸਆਈ, ਸੁਰਜੀਤ ਸਿੰਘ ਏਐੱਸਆਈ ਟ੍ਰੈਫਿਕ ਪੁਲਿਸ ਕਪੂਰਥਲਾ ਹਾਜ਼ਰ ਸਨ।