ਚੋਣਾਂ ਤੋਂ ਪਹਿਲਾਂ ਆਪ ਝਾੜੂ ਦੇ ਤੀਲਿਆ ਵਾਂਗ ਖਿਲਰ ਜਾਵੇਗੀ : ਨੀਟੂ
2027 ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਆਪ ਝਾੜੂ ਦੇ ਤੀਲਿਆ ਵਾਂਗ ਖਿਲਰ ਜਾਵੇਗੀ -ਨੀਟੂ
Publish Date: Mon, 27 Apr 2026 10:15 PM (IST)
Updated Date: Mon, 27 Apr 2026 10:19 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਜੁਆਇਨ ਕਰਨ ਦਾ ਪੁਰਜ਼ੋਰ ਸਵਾਗਤ ਕਰਦਿਆਂ ਹਲਕਾ ਇੰਚਾਰਜ ਭਾਜਪਾ ਰਕੇਸ਼ ਨੀਟੂ ਨੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਜਿੱਤ ਤੇ ਆਮ ਆਦਮੀ ਪਾਰਟੀ ਦੇ 2027 ਦੀ ਚੋਣਾਂ ਤੋਂ ਪਹਿਲਾਂ ਝਾੜੂ ਦੇ ਤੀਲਿਆਂ ਵਾਂਗ ਖਿਲਰ ਜਾਣਾ ਦੱਸਿਆ। ਭਾਜਪਾ ਆਗੂ ਨੀਟੂ ਨੇ ਕਿਹਾ ਕਿ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਘਟਨਾ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਆਪ ਪਾਰਟੀ ਹੁਣ ਇਕ ਸਿਧਾਂਤਹੀਣ ਪਾਰਟੀ ਬਣ ਗਈ ਹੈ ਜਿਸ ਵਿਚ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਾਨਾਸ਼ਾਹੀ ਨੀਤੀਆਂ ਕਾਰਨ ਵਰਕਰ, ਆਗੂਆਂ ਤੋਂ ਇਲਾਵਾ ਵਿਧਾਇਕਾਂ, ਐੱਮਪੀਜ਼ ਤੇ ਮੰਤਰੀਆਂ ਦਾ ਵੀ ਦਮ ਘੁੱਟਣ ਲੱਗ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਤੇ ਇਹ ਦੇਸ਼ ਵਿਚ ਡਬਲ ਇੰਜਨ ਵਾਲੀ ਸਰਕਾਰ ਭਾਜਪਾ ਹੀ ਦੇ ਸਕਦੀ ਹੈ। ਨੀਟੂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਦਿਨ ਬ ਦਿਨ ਸੂਬੇ ਵਿਚ ਵਧ ਰਹੇ ਗੈਂਗਸਟਰਵਾਦ ਤੋਂ ਬਹੁਤ ਦੁਖੀ ਹਨ। ਆਮ ਜਨਤਾ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਸਰਕਾਰੀ ਦਫਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਨਸ਼ੇ ਦੀ ਵਿਕਰੀ ਧੜੱਲੇ ਨਾਲ ਚੱਲ ਰਹੀ ਹੈ। ਹਲਕੇ ਵਿਚ 15 ਦਿਨਾਂ ਵਿਚ ਨਸ਼ਿਆਂ ਕਾਰਨ ਹੋਈਆਂ ਪੰਜ ਮੌਤਾਂ ਨੇ ਤਾਂ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਪੋਲ ਖੋਲ੍ਹ ਦਿੱਤੀ ਹੈ। ਪ੍ਰਧਾਨ ਨੀਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੁਣ ਤੱਕ ਆਪਣੇ ਰਾਜ ਦੇ ਚਾਰ ਸਾਲ ਤੋਂ ਵੱਧ ਦਾ ਸਮਾਂ ਫੋਕੀ ਇਸ਼ਤਿਆਰਬਾਜ਼ੀ ਤੇ ਹਿਟਲਰ ਸ਼ਾਹੀ ਨਾਲ ਗੁਜ਼ਾਰਿਆ ਹੈ ਜਿਸ ਨੂੰ ਹੁਣ ਸੂਬੇ ਦੇ ਲੋਕ ਕਿਸੇ ਵੀ ਕੀਮਤ ’ਤੇ ਪਸੰਦ ਨਹੀਂ ਕਰਨਗੇ। ਭਾਜਪਾ ਆਗੂ ਨੀਟੂ ਨੇ ਕਿਹਾ ਕਿ ਹੁਣ ਜਨਤਾ ਆਮ ਪਾਰਟੀ ਦੇ ਖਿਲਾਫ ਖੜੀ ਹੋ ਚੁੱਕੀ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪੰਜਾਬ ਵਿਚ ਸਰਕਾਰ ਬਣਾ ਕੇ ਨਵਾਂ ਇਤਿਹਾਸ ਰਚੇਗੀ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਡਾ. ਰਕੇਸ਼ ਪੁਰੀ, ਡਿੰਪਲ ਟੰਡਨ, ਅਸ਼ੋਕ ਕਨੋਜੀਆ, ਮਿੰਟੂ ਜੈਨ, ਚਤਰ ਸਿੰਘ ਜੋਸਨ, ਬਾਬਾ ਬਲੌਰੀ ਆਦਿ ਵੀ ਹਾਜ਼ਰ ਸਨ।