ਸੋਨਾ ਨੇ ਸੀਵਰੇਜ ਦੀ ਸਫਾਈ ਦਾ ਕੰਮ ਕਰਵਾਇਆ ਸ਼ੁਰੂ
ਆਪ ਆਗੂ ਗੁਰਪ੍ਰੀਤ ਸੋਨਾ ਨੇ ਕੋਟੂ ਚੌਂਕ ਵਿਖੇ ਸੀਵਰੇਜ ਦੀ ਸਫਾਈ ਦਾ ਕੰਮ ਕਰਵਾਇਆ ਸ਼ੁਰੂ
Publish Date: Tue, 05 May 2026 08:57 PM (IST)
Updated Date: Tue, 05 May 2026 08:59 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਾਰਡ ਨੰਬਰ 43 ਦੇ ਨਿਵਾਸੀਆਂ ਲਈ ਇਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਥੇ ਆਪ ਨੇਤਾ ਤੇ ਵਾਰਡ ਦੇ ਇੰਚਾਰਜ ਗੁਰਪ੍ਰੀਤ ਸੋਨਾ ਵੱਲੋਂ ਕੋਟੂ ਚੌਂਕ ਵਿਖੇ ਸੀਵਰੇਜ ਪ੍ਰਣਾਲੀ ਦੀ ਜੇਸੀਬੀ ਮਸ਼ੀਨ ਨਾਲ ਵਿਆਪਕ ਸਫਾਈ ਕਰਵਾਈ ਗਈ। ਗੌਰ ਹੋਵੇ ਕਿ ਕਾਫ਼ੀ ਸਮੇਂ ਤੋਂ ਇਲਾਕਾ ਵਾਸੀਆਂ ਵੱਲੋਂ ਗੰਦਗੀ ਤੇ ਜਾਮ ਸੀਵਰੇਜ ਕਾਰਨ ਸਾਹਮਣੇ ਆ ਰਹੀਆਂ ਮੁਸ਼ਕਲਾਂ ਬਾਰੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਏ ਆਪ ਆਗੂ ਗੁਰਪ੍ਰੀਤ ਸੋਨਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਬੰਧਤ ਵਿਭਾਗ ਦੀ ਟੀਮ ਨੂੰ ਮੌਕੇ ‘ਤੇ ਭੇਜ ਕੇ ਆਪਣੀ ਹਾਜ਼ਰੀ ਵਿਚ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ। ਸਫਾਈ ਦੌਰਾਨ ਜੇਸੀਬੀ ਮਸ਼ੀਨਰੀ ਦੀ ਮਦਦ ਨਾਲ ਸੀਵਰੇਜ ਵਿਚ ਜੰਮਿਆ ਕੂੜਾ-ਕਰਕਟ ਬਾਹਰ ਕੱਢਿਆ ਗਿਆ, ਜਿਸ ਨਾਲ ਪਾਣੀ ਦੀ ਨਿਕਾਸੀ ਮੁੜ ਸੁਚਾਰੂ ਹੋ ਗਈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਗੰਦੇ ਪਾਣੀ ਦੀ ਭਰਾਵਟ ਕਾਰਨ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਸੀ ਤੇ ਆਵਾਜਾਈ ਵਿਚ ਵੀ ਕਾਫ਼ੀ ਦਿੱਕਤ ਆਉਂਦੀ ਸੀ, ਪਰ ਹੁਣ ਇਸ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਨਿਜਾਤ ਮਿਲੀ ਹੈ। ਇਸ ਮੌਕੇ ਗੁਰਪ੍ਰੀਤ ਸੋਨਾ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਤੇ ਉਹ ਹਮੇਸ਼ਾ ਵਾਰਡ ਦੇ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ ਵਿਚ ਵੀ ਜਿਥੇ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਸਾਹਮਣੇ ਆਵੇਗੀ, ਉਸਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਇਸ ਦੌਰਾਨ ਹਾਜ਼ਰ ਇਲਾਕਾ ਵਾਸੀਆਂ ਨੇ ਇਸ ਉਪਰਾਲੇ ਲਈ ਗੁਰਪ੍ਰੀਤ ਸੋਨਾ ਤੇ ਆਮ ਆਦਮੀ ਪਾਰਟੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਆਮ ਜਨਤਾ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਰਹੀ ਹੈ ਤੇ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤ ਰਹੀ ਹੈ। ਅੰਤ ਵਿਚ ਗੁਰਪ੍ਰੀਤ ਸੋਨਾ ਨੇ ਵਾਰਡ ਨੰਬਰ 43 ਵਿਚ ਪੈਂਦੇ ਖੇਤਰ ਸਿਟੀ ਐਨਕਲੇਵ, ਪੁਰਾਣਾ ਅਰਫਵਾਲਾ ਮੁਹੱਲਾ, ਗ੍ਰੀਨ ਫੀਲਡ ਸਕੂਲ ਮੁਹੱਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਕਿਸੇ ਸਮੇਂ ਵੀ ਉਨ੍ਹਾਂ ਨਾਲ ਮੁਲਾਕਾਤ ਕਰਕੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾ ਸਕਦੇ ਹਨ। ਉਨ੍ਹਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਸਮੂਹ ਮੁਹੱਲਾ ਵਾਸੀਆਂ ਨੇ ਗੁਰਪ੍ਰੀਤ ਸੋਨਾ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਰਨ, ਗੋਲਡੀ ਸਭਰਵਾਲ, ਸੰਮੀ ਤੇ ਹੋਰ ਹਾਜ਼ਰ ਸਨ।