ਹਿਮਾਚਲ ਘੁੰਮਣ ਗਏ ਨੌਜਵਾਨ ਦੀ ਹੋਈ ਮੌਤ
ਭੇਦ ਭਰੇ ਹਲਾਤਾ ਚ ਹਿਮਾਚਲ ਘੁੱਮਣ ਗਏ ਨੋਜਵਾਨ ਦੀ ਹੋਈ ਮੌਤ
Publish Date: Tue, 19 May 2026 07:16 PM (IST)
Updated Date: Tue, 19 May 2026 07:18 PM (IST)
ਆਸੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਤੋਂ ਇਕ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਫਗਵਾੜਾ ਦੇ ਭਗਤਪੁਰਾ ਇਲਾਕੇ ਦੇ ਰਹਿਣ ਵਾਲੇ 17 ਸਾਲਾ ਨੌਜਵਾਨ ਵਿਸ਼ਾਲ ਦੀ ਬੀਤੀ ਰਾਤ ਮੌਤ ਹੋ ਗਈ। ਉਹ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਘੁੰਮਣ ਲਈ ਗਿਆ ਹੋਇਆ ਸੀ। ਪਰਿਵਾਰ ਦੇ ਦੱਸਣ ਮੁਤਾਬਕ, ਸਵੇਰੇ ਉਸ ਨੇ ਹਿਮਾਚਲ ਤੋਂ ਆਪਣੀ ਇਕ ਸਟੋਰੀ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ, ਜਿਸ ਨਾਲ ਸਭ ਕੁਝ ਠੀਕ ਹੋਣ ਦਾ ਅਹਿਸਾਸ ਹੋ ਰਿਹਾ ਸੀ ਪਰ ਇਸ ਤੋਂ ਕੁਝ ਹੀ ਸਮੇਂ ਬਾਅਦ ਪਰਿਵਾਰ ਨੂੰ ਹਿਮਾਚਲ ਪੁਲਿਸ ਵੱਲੋਂ ਫੋਨ ਆਉਂਦਾ ਹੈ, ਜਿਸ ਵਿਚ ਇਹ ਦੁਖਦਾਈ ਸੂਚਨਾ ਦਿੱਤੀ ਜਾਂਦੀ ਹੈ ਕਿ ਵਿਸ਼ਾਲ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਹ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ ਤੇ ਘਰ ਦਾ ਮਾਹੌਲ ਗਮਗੀਨ ਹੋ ਗਿਆ। ਪਰਿਵਾਰ ਮੁਤਾਬਕ, ਵਿਸ਼ਾਲ ਆਪਣੇ 4 ਦੋਸਤਾਂ ਨਾਲ ਹਿਮਾਚਲ ਗਿਆ ਹੋਇਆ ਸੀ ਤੇ ਉਹ ਮਹਾਦੇਵ ਕਲੇਸ਼ਵਰ ਸਥਾਨ ‘ਤੇ ਵੀ ਗਿਆ ਸੀ। ਇਸ ਦੌਰਾਨ ਕਿਵੇਂ ਇਹ ਹਾਦਸਾ ਵਾਪਰਿਆ, ਇਸ ਬਾਰੇ ਅਜੇ ਤੱਕ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਹਿਮਾਚਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।