ਤੂੜੀ ਨੂੰ ਲੱਗੀ ਭਿਆਨਕ ਅੱਗ, 20 ਲੱਖ ਦਾ ਨੁਕਸਾਨ
ਲੱਖਣ ਕੇ ਪੱਡਾ ’ਚ ਤੂੜੀ ਨੂੰ ਲੱਗੀ ਭਿਆਨਕ ਅੱਗ, 20 ਲੱਖ ਦਾ ਨੁਕਸਾਨ
Publish Date: Mon, 18 May 2026 09:20 PM (IST)
Updated Date: Mon, 18 May 2026 09:21 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਨੇੜਲੇ ਪਿੰਡ ਲੱਖਣ ਕੇ ਪੱਡਾ-ਗੁਡਾਨੀ ਰੋਡ ‘ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਕਿਸਾਨ ਦੇ ਡੇਰੇ ’ਤੇ ਸਟੋਰ ਕੀਤੀ ਤੂੜੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਕਰੀਬ 15 ਲੱਖ ਰੁਪਏ ਦੀ ਤੂੜੀ ਸੜ ਕੇ ਸੁਆਹ ਹੋ ਗਈ, ਜਦਕਿ ਕਰੀਬ 5 ਲੱਖ ਰੁਪਏ ਦੇ ਸ਼ੈੱਡਾਂ ਦਾ ਵੀ ਭਾਰੀ ਨੁਕਸਾਨ ਹੋਇਆ। ਪੀੜਤ ਕਿਸਾਨ ਸਰਬਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲੱਖਣ ਕੇ ਪੱਡਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ 1500 ਏਕੜ ਦੀ ਤੂੜੀ ਡੇਰੇ ‘ਤੇ ਸਟੋਰ ਕੀਤੀ ਹੋਈ ਸੀ। ਉਨ੍ਹਾਂ ਮੁਤਾਬਕ ਦੁਪਹਿਰ ਕਰੀਬ 3 ਵਜੇ ਮਨਸੂਰਵਾਲ ਵੱਲੋਂ ਖੇਤਾਂ ਵਿਚ ਲੱਗੀ ਅੱਗ ਹਵਾ ਦੇ ਰੁਖ ਨਾਲ ਫੈਲਦੀ ਹੋਈ ਉਨ੍ਹਾਂ ਦੇ ਡੇਰੇ ਤੱਕ ਪਹੁੰਚ ਗਈ। ਕੁਝ ਹੀ ਸਮੇਂ ਵਿਚ ਅੱਗ ਨੇ ਤੂੜੀ ਦੇ ਵੱਡੇ ਢੇਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਦੀਆਂ ਉੱਚੀਆਂ ਲਪਟਾਂ ਤੇ ਧੂੰਏਂ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਤੇ ਮਜ਼ਦੂਰਾਂ ਨੇ ਆਪਣੇ ਪੱਧਰ ‘ਤੇ ਅੱਗ ਤੇ ਕਾਬੂ ਪਾਉਣ ਲਈ ਕਾਫੀ ਜੱਦੋ-ਜਹਿਦ ਕੀਤੀ। ਇਸ ਦੌਰਾਨ ਅੰਦਰ ਖੜ੍ਹੀ ਮਸ਼ੀਨਰੀ ਨੂੰ ਸਮੇਂ ਸਿਰ ਬਾਹਰ ਕੱਢ ਕੇ ਬਚਾ ਲਿਆ ਗਿਆ, ਪਰ ਤੂੜੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਰਹੀ। ਅੱਗ ਕਾਰਨ ਡੇਰੇ ’ਤੇ ਬਣੇ ਸ਼ੈੱਡਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਸ ਨੂੰ ਆਰਥਿਕ ਸਹਾਇਤਾ ਮਿਲ ਸਕੇ।